ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਰਕਾਰੀ ਸ਼ਿਵਾਲਿਕ ਕਾਲਜ ’ਚ ਯੋਗ ਵਰਕਸ਼ਾਪ

  ਨੰਗਲ: ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿੱਚ ਪ੍ਰਿੰਸੀਪਲ ਸੀਮਾ ਦੇਵੀ ਦੀ ਅਗਵਾਈ ਵਿੱਚ ਕਾਲਜ ਦੇ ਐੱਨਐੱਸਐੱਸ ਯੂਨਿਟ, ਐੱਨਸੀਸੀ ਯੂਨਿਟ ਅਤੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਕੌਮਾਂਤਰੀ ਯੋਗ ਦਿਵਸ ਨੂੰ ਸਮਰਪਤ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਸਮਾਗਮ ਵਿੱਚ ਕਾਲਜ ਦੇ ਵੱਖ-ਵੱਖ...
Advertisement

 

ਨੰਗਲ: ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿੱਚ ਪ੍ਰਿੰਸੀਪਲ ਸੀਮਾ ਦੇਵੀ ਦੀ ਅਗਵਾਈ ਵਿੱਚ ਕਾਲਜ ਦੇ ਐੱਨਐੱਸਐੱਸ ਯੂਨਿਟ, ਐੱਨਸੀਸੀ ਯੂਨਿਟ ਅਤੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਕੌਮਾਂਤਰੀ ਯੋਗ ਦਿਵਸ ਨੂੰ ਸਮਰਪਤ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਸਮਾਗਮ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਕਰੀਬ 45 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਯੋਗ ਮਾਹਿਰ ਤਰਸੇਮ ਲਾਲ ਰਤਨ ਅਤੇ ਸ਼ੁਭਾਸ਼ ਚੰਦਰ ਨੇ ਵੱਖ-ਵੱਖ ਆਸਣ ਕਰਵਾਏ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਨਾਨ-ਟੀਚਿੰਗ ਸਟਾਫ ਨੇ ਯੋਗ ਕੀਤਾ। ਕਾਲਜ ਦੇ ਐੱਸਸੀਸੀ ਯੂਨਿਟ ਦੇ ਸਬ-ਲੈਫਟੀਨੈਂਟ ਪ੍ਰੋ. ਜਗਪਾਲ ਸਿੰਘ ਲੌਂਗੀਆ, ਸਰੀਰਕ ਸਿੱਖਿਆ ਵਿਭਾਗ ਦੇ ਡਾ. ਪਰਵਿੰਦਰ ਸਿੰਘ, ਐੱਨਸੀਸੀ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ ਕਮਲ ਕੁਮਾਰ, ਲਾਇਬ੍ਰੇਰੀਅਨ ਵੀਨਾ ਕੁਮਾਰੀ, ਮਨਪ੍ਰੀਤ ਕੌਰ, ਅਨਿਲ ਸ਼ਰਮਾ, ਪ੍ਰਵੀਨ ਕੁਮਾਰ ਨੇ ਵੀ ਸ਼ਮੂਲੀਅਤ ਕੀਤੀ। -ਪੱਤਰ ਪ੍ਰੇਰਕ

Advertisement

ਪ੍ਰਭ ਆਸਰਾ ਵਿੱਚ ਦਾਖ਼ਲ ਦੋ ਨਾਗਰਿਕਾਂ ਦੀ ਹਾਲਤ ਗੰਭੀਰ

ਕੁਰਾਲੀ: ਸ਼ਹਿਰ ਦੀ ਹੱਦ ਪਡਿਆਲਾ ਵਿੱਚ ਲਾਵਾਰਿਸ ਲੋਕਾਂ ਦੀ ਸੇਵਾ-ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਵਿੱਚ ਰਹਿ ਰਹੇ ਦੋ ਲਾਵਾਰਿਸ ਨਾਗਰਿਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵਾਂ ਨੂੰ ਚਨਾਲੋਂ ਸਥਿਤ ਮਲਟੀਸਪੈਸ਼ਲਿਟੀ ਚੈਰੀਟੇਬਲ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਆਈਸੀਯੂ ਵਿੱਚ ਰੱਖਿਆ ਗਿਆ ਹੈ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਕਰੀਬ 80 ਸਾਲਾ ਉਮਰ ਦੇ ਗੁਰਦਾਸ ਸਿੰਘ ਪਿੰਡ ਨਥਲਪੁਰ ਜ਼ਿਲ੍ਹਾ ਰੋਪੜ ਦੇ ਰਹਿਣ ਵਾਲੇ ਹਨ। ਉਹ ਦੋਵਾਂ ਲੱਤਾਂ ਤੋਂ ਅਪਾਹਿਜ ਹਨ ਨੂੰ ਲਾਵਾਰਿਸ ਹਾਲਤ ਵਿੱਚ ਦਹਾਕਾ ਪਹਿਲਾਂ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਕਈ ਦਿਨਾਂ ਤੋਂ ਬਿਮਾਰ ਹੋਣ ਕਾਰਨ ਗੁਰਦਾਸ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖ਼ਲ ਕੀਤਾ ਗਿਆ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ 65 ਸਾਲਾ ਚਰਨ ਸਿੰਘ ਜੋ ਕਿ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਅਤੇ ਪੈਰਲਾਈਜ਼ਡ ਹੋਣ ਕਾਰਨ ਲਾਵਾਰਿਸ ਹਾਲਤ ਵਿੱਚ ਸੰਸਥਾ ਵਿੱਚ ਰਹਿ ਰਹੇ ਸਨ, ਦੀ ਹਾਲਤ ਵੀ ਕਈ ਦਿਨਾਂ ਤੋਂ ਖ਼ਰਾਬ ਚੱਲ ਰਹੀ ਹੈ। ਪ੍ਰਬੰਧਕਾਂ ਨੇ ਦੋਵਾਂ ਲਾਵਾਰਿਸਾਂ ਦੀ ਪਛਾਣ ਲਈ ਅਪੀਲ ਕੀਤੀ ਹੈ ਕਿ ਜੇ ਕੋਈ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹੋਵੇ ਤਾਂ ਸੰਸਥਾ ਵਿੱਚ ਸੰਪਰਕ ਕਰ ਸਕਦਾ ਹੈ। -ਪੱਤਰ ਪ੍ਰੇਰਕ

ਚੰਦੂਮਾਜਰਾ ਵੱਲੋਂ ਉਮਰ ਅਬਦੁੱਲਾ ਦੇ ਬਿਆਨ ਦਾ ਵਿਰੋਧ

ਐੱਸਏਐੱਸ ਨਗਰ (ਮੁਹਾਲੀ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਉਸ ਬਿਆਨ ‘ਜਿਸ ਰਾਜ ਦਾ ਪਾਣੀ ਹੈ, ਉਸ ’ਤੇ ਉਸੇ ਦਾ ਹੱਕ’ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਿਪੇਰੀਅਨ ਲਾਅ ਅਨੁਸਾਰ ਪਾਣੀ ਰਾਜ ’ਚੋਂ ਲੰਘਦਾ ਤੇ ਨੁਕਸਾਨ ਕਰਦਾ ਹੈ, ਉਸ ਪਾਣੀ ਉੱਤੇ ਉਸੇ ਦਾ ਹੱਕ ਹੈ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਆਪਣੇ ਪਾਣੀਆਂ ਦਾ ਲਾਭ ਤਾਂ ਲੈਣਾ ਚਾਹੁੰਦੇ ਹਨ ਪਰ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਝੱਲਣ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਜਿਸ ਪਾਣੀ ’ਤੇ ਜਿਸ ਰਾਜ ਦਾ ਹੱਕ ਹੈ, ਉਸ ਨੂੰ ਹੀ ਮਿਲਣਾ ਚਾਹੀਦਾ ਹੈ, ਦੀ ਲੜਾਈ ਲੜਦਾ ਆ ਰਿਹਾ ਹੈ। -ਪੱਤਰ ਪ੍ਰੇਰਕ

ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਇਕੱਤਰਤਾ

ਮੰਡੀ ਗੋਬਿੰਦਗੜ੍ਹ: ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਵਿੱਚ ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਵਿੱਚ ਮੀਤ ਪ੍ਰਧਾਨ ਪ੍ਰੋ. ਸਾਧੂ ਸਿੰਘ ਪਨਾਗ ਵੀ ਹਾਜ਼ਰ ਹੋਏ। ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਗੁਜਰਾਤ ਹਵਾਈ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਭਾ ਵਿੱਚ ਪਹਿਲੀ ਵਾਰ ਆਏ ਸੇਵਾਮੁਕਤ ਲੈਕਚਰਾਰ ਨਾਹਰ ਸਿੰਘ ਦਾ ਸਵਾਗਤ ਕੀਤਾ ਗਿਆ। ਇਸ ਉਪਰੰਤ ਆਏ ਕਵੀਆਂ ਭਾਈ ਰਣਜੀਤ ਸਿੰਘ, ਅਜਮੇਰ ਸਿੰਘ ਮਾਨ, ਜਸਵਿੰਦਰ ਸਿੰਘ, ਬਲਤੇਜ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਬਰਗਾੜੀ, ਪ੍ਰਿਤਪਾਲ ਸਿੰਘ ਭੜੀ, ਰਵਿੰਦਰ ਸਿੰਘ, ਅਮਰਬੀਰ ਸਿੰਘ ਚੀਮਾ, ਹਰਜਿੰਦਰ ਸਿੰਘ ਗੋਪਾਲੋਂ ਅਤੇ ਪਰਮਜੀਤ ਕੌਰ ਸਰਹਿੰਦ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਨੇ ਰਚਨਾਵਾਂ ਦੀ ਪੜਚੋਲ ਕੀਤੀ ਅਤੇ ਪਹੁੰਚੇ ਕਵੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਸਭਾ ਨਾਲ ਜੁੜਨ ਦਾ ਸੱਦਾ ਦਿੱਤਾ। -ਨਿੱਜੀ ਪੱਤਰ ਪ੍ਰੇਰਕ

ਥਰਮਲ ਕਾਮਿਆਂ ਵੱਲੋਂ ਵਿਧਾਇਕ ਚੱਢਾ ਦਾ ਧੰਨਵਾਦ

ਘਨੌਲੀ: ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿੱਚ ਦਿਹਾੜੀਦਾਰ ਪ੍ਰਣਾਲੀ ਅਧੀਨ ਕੰਮ ਕਰਦੇ ਕਾਮਿਆਂ ਦੀ ਮੀਟਿੰਗ ਪ੍ਰਦੀਪ ਸਿੰਘ ਦੀ ਦੇਖ-ਰੇਖ ਅਧੀਨ ਹੋਈ। ਇਸ ਦੌਰਾਨ ਕਾਮਿਆਂ ਨੇ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿਛਲੇ 30-30 ਸਾਲਾਂ ਤੋਂ ਥਰਮਲ ਪਲਾਂਟ ਰੂਪਨਗਰ ਵਿੱਚ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਦੇ ਆ ਰਹੇ ਹਨ ਅੱਜ ਤਕ ਕਿਸੇ ਸਿਆਸੀ ਆਗੂ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਵਿਧਾਇਕ ਦਿਨੇਸ਼ ਚੱਢਾ ਨੇ ਵਿਧਾਨ ਸਭਾ ਵਿੱਚ ਆਵਾਜ਼ ਉਠਾ ਕੇ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਵੱਡਾ ਵਾਧਾ ਕਰਵਾ ਦਿੱਤਾ ਹੈ ਅਤੇ 1600 ਮੈਗਾਵਾਟ ਦੇ ਦੋ ਨਵੇਂ ਯੂਨਿਟ ਵੀ ਮਨਜ਼ੂਰ ਕਰਵਾ ਦਿੱਤੇ ਹਨ। ਇਸ ਨਾਲ ਇਲਾਕੇ ਦੇ ਹੋਰ ਲੋਕਾਂ ਨੂੰ ਵੀ ਥਰਮਲ ਪਲਾਂਟ ਵਿੱਚ ਰੁਜ਼ਗਾਰ ਮਿਲਣ ਦੀ ਆਸ ਬੱਝ ਗਈ ਹੈ। ਇਸ ਦੌਰਾਨ ਪ੍ਰਦੀਪ ਸਿੰਘ, ਜਗਵਿੰਦਰ ਸਿੰਘ, ਮਹਿੰਦਰ ਸਿੰਘ, ਪਵਨਦੀਪ ਸਿੰਘ ਤਰਨ ਲੋਤਰਾ, ਹਰਮਨ ਸਿੰਘ, ਬਿਕਰਮ ਸਿੰਘ, ਕੈਪਟਨ ਅਮਰਿੰਦਰ ਸਿੰਘ, ਨਰੇਸ਼ ਕੁਮਾਰ ਸੁਨੀਲ ਗੋਸਵਾਮੀ ਆਦਿ ਆਗੂਆਂ ਸਣੇ ਵੱਡੀ ਗਿਣਤੀ ਵਿੱਚ ਦਿਹਾੜੀਦਾਰ ਕਾਮੇ ਸਨ। -ਪੱਤਰ ਪ੍ਰੇਰਕ

Advertisement