ਨਜ਼ਦੀਕੀ ਪਿੰਡ ਮਨੌਲੀ ਸੂਰਤ ਦੇ 46 ਸਾਲਾ ਯੋਗਾ ਅਧਿਆਪਕ ਸੁਖਵੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਮਾਰਗ ਉੱਤੇ ਪਿੰਡ ਛੱਤ ਦੀਆਂ ਲਾਈਟਾਂ ਨੇੜੇ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰੀ ਅਤੇ ਸੜਕ ’ਤੇ ਡਿੱਗਣ ਸਮੇਂ ਤੇਜ਼ ਰਫ਼ਤਾਰ ਟਿੱਪਰ ਉਨ੍ਹਾਂ ਦੇ ਉੱਪਰੋਂ ਚੜ੍ਹ ਗਿਆ ਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦਾ ਅੱਜ ਮਨੌਲੀ ਸੂਰਤ ਵਿੱਚ ਸਸਕਾਰ ਕੀਤਾ ਗਿਆ।ਉਹ ਇਸ ਖੇਤਰ ਵਿਚ ਵੱਖ-ਵੱਖ ਥਾਵਾਂ ਉੱਤੇ ਪਿਛਲੇ ਸੱਤ ਸਾਲਾਂ ਤੋਂ ਯੋਗਾ ਦੀਆਂ ਮੁਫ਼ਤ ਕਲਾਸਾਂ ਚਲਾ ਰਹੇ ਸਨ। ਖੇੜਾ ਗੱਜੂ ਵਿੱਚ ਇੱਕ ਨੌਜਵਾਨ ਦੀ ਮੌਤ ਪਿੰਡ ਬਡਾਲੀ ਆਲਾ ਸਿੰਘ ਦੇ ਸੁਖਜਿੰਦਰ ਸਿੰਘ ਦੀ ਖੇੜਾ ਗੱਜੂ ਵਿੱਚ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਰੇਤੇ ਦਾ ਟਿੱਪਰ ਉਤਾਰਨ ਆਇਆ ਸੀ। ਜਦੋਂ ਉਹ ਰੇਤੇ ਦੇ ਟਿੱਪਰ ਦਾ ਡਾਲਾ ਖੋਲ ਰਿਹਾ ਸੀ ਤਾਂ ਪਿਛੋਂ ਨਾਮਾਲੂਮ ਵਾਹਨ ਨੇ ਉਸ ਨੂੰ ਫ਼ੇਟ ਮਾਰੀ ਤੇ ਉਹ ਰੇਤੇ ਥੱਲੇ ਦਬ ਗਿਆ ਤੇ ਉਸ ਦੀ ਮੌਤ ਹੋ ਗਈ।