ਚੰਡੀਗੜ੍ਹ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਨੇ ਅੱਜ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਉਦਯੋਗਿਕ ਖੇਤਰ ਵਿੱਚ ਸਥਿਤ ਏਲਾਂਤੇ ਮਾਲ ਵੱਲੋਂ ਕੀਤੀ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਹੈ। ਅਸਟੇਟ ਵਿਭਾਗ ਦੀ ਟੀਮ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਏਲਾਂਤੇ ਮਾਲ ਪਹੁੰਚੀ ਅਤੇ ਮਾਲ ਦੇ ਪ੍ਰਬੰਧਕਾਂ ਵੱਲੋਂ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ਨੂੂੰ ਢਾਹ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਏਲਾਂਤੇ ਮਾਲ ਦੇ ਪ੍ਰਬੰਧਕਾਂ ਵੱਲੋਂ ਪਾਰਕਿੰਗ ਦੇ ਲਗਭਗ 22,000 ਵਰਗ ਫੁੱਟ ਖੇਤਰ ਨੂੰ ਲੈਂਡਸਕੇਪਿੰਗ ਤੇ ਹਰਿਆਲੀ ਦੇ ਖੇਤਰ ਵਿੱਚ ਤਬਦੀਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਤਿੰਨ ਹਜ਼ਾਰ ਵਰਗ ਫੁੱਟ ਜ਼ਮੀਨ ’ਤੇ ਇੱਕ ਅਸਥਾਈ ਸ਼ੈੱਡ ਤੇ ਬੈਠਣ ਦੀ ਵਿਵਸਥਾ ਵਾਲੇ ਇੱਕ ਖੁੱਲ੍ਹੇ ਕੈਫੇ ਤੇ ਰੈਸਟੋਰੈਂਟ ਬਣਾਇਆ ਸੀ। ਅਸਟੇਟ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਏਲਾਂਤੇ ਮਾਲ ਦੇ ਬੇਸਮੈਂਟ ਵਿੱਚ ਸਟਾਫ ਮੈੱਸ, ਵਾਸ਼ਰੂਮ ਅਤੇ ਡੇਅ ਕੇਅਰ ਸੈਂਟਰ ਵਰਗੀਆਂ ਨਾਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਪ੍ਰਵਾਨਗੀ ਤੋਂ ਦੂਜੀ ਤੇ ਤੀਜੀ ਮੰਜ਼ਿਲ ਨੂੰ ਜੋੜਨ ਲਈ ਹੈਮਲੀਜ਼ ਸਲਾਇਡ ਲਗਾਈ ਗਈ। ਅਸਟੇਟ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਏਲਾਂਤੇ ਮਾਲ ਦੇ ਪ੍ਰਬੰਧਕਾਂ ਵੱਲੋਂ ਬੇਸਮੈਂਟ 2 ਵਿੱਚ ਅਸਥਾਈ ਲੱਕੜ ਦੇ ਸਟੋਰੇਜ ਦੀ ਵਿਵਸਥਾ ਤਿਆਰ ਕੀਤੀ ਗਈ ਹੈ, ਜੋ ਕਿ ਨਿਯਮਾਂ ਦੇ ਉਲਟ ਹੈ। ਯੂਟੀ ਦੇ ਅਸਟੇਟ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਏਲਾਂਤੇ ਮਾਲ ਦੇ ਪ੍ਰਬੰਧਕਾਂ ਵੱਲੋਂ ਕਈ ਤਰ੍ਹਾਂ ਦੀਆਂ ਨਾਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਸਨ, ਜਿਸ ਸਬੰਧੀ ਕਈ ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਮਾਲ ਪ੍ਰਬੰਧਕਾਂ ਵੱਲੋਂ ਨਾਜਾਇਜ਼ ਉਸਾਰੀਆਂ ਨੂੰ ਹਟਾਇਆ ਨਹੀਂ ਗਿਆ ਹੈ। ਅਸਟੇਟ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਲੀਜ਼ਹੋਲਡ ਜਾਂ ਫਰੀਹੋਲਡ ਜਾਇਦਾਦਾਂ ’ਤੇ ਸਾਰੀਆਂ ਉਸਾਰੀਆਂ ਅਤੇ ਸੋਧਾਂ ਨੂੰ ਨਿਯਮਾਂ ਅਨੁਸਾਰ ਪ੍ਰਵਾਨਗੀ ਤੋਂ ਬਾਅਦ ਹੀ ਅਮਲੀ ਰੂਪ ਦਿੱਤਾ ਜਾ ਸਕਦਾ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਸਮਾਂ ਰਹਿੰਦੇ ਨਾਜਾਇਜ਼ ਉਸਾਰੀਆਂ ਨੂੰ ਹਟਾ ਦੇਣ, ਨਹੀਂ ਤਾਂ ਭਵਿੱਖ ਵਿੱਚ ਅਸਟੇਟ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

