ਚਮਕੌਰ ਸਾਹਿਬ ਮੋਰਚੇ ਦੀ ਟੀਮ ਦੇ ਮੈਂਬਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਮਨਪ੍ਰੀਤ ਕੌਰ ਰਾਏ ਦੇ ਉੱਦਮ ਸਦਕਾ ਕੇਂਦਰ ਦੇ ਵਾਤਾਵਰਣ ਬਦਲਾਵ ਮੰਤਰੀ ਭੁਪਿੰਦਰਾ ਯਾਦਵ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਮੋਰਚੇ ਦੇ ਆਗੂਆਂ ਵੱਲੋਂ ਪਿੰਡ ਧੌਲਰਾਂ ਵਿਖੇ ਲੱਗ ਰਹੀ ਪੇਪਰ ਮਿੱਲ ਦੇ ਵਿਰੋਧ ਵਿੱਚ ਲਿਖਤੀ ਇਤਰਾਜ ਦਰਜ ਕਰਵਾਏ ਗਏ। ਇਸ ਮੌਕੇ ਭਾਜਪਾ ਆਗੂ ਤਰੁਣ ਚੁੱਘ ਵੀ ਉਨ੍ਹਾਂ ਨਾਲ ਸਨ।
ਮੋਰਚੇ ਦੇ ਆਗੂ ਖੁਸ਼ਿਵੰਦਰ ਸਿੰਘ ਅਤੇ ਲਖਵੀਰ ਸਿੰਘ ਹਾਫਿਜ਼ਾਬਾਦ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਭੁਪਿੰਦਰਾ ਯਾਦਵ ਨੂੰ ਚਮਕੌਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੰਡ ਸਾਹਿਬ ਦੀ ਪਵਿੱਤਰ ਤੇ ਇਤਿਹਾਸਕ ਧਰਤੀ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨ ਛੋਹ ਪ੍ਰਾਪਤ ਧਰਤੀ ਜੰਡ ਸਾਹਿਬ ਵਿਖੇ ਲੱਗਣ ਜਾ ਰਹੀ ਪੇਪਰ ਮਿੱਲ ਨਾਲ ਇਲਾਕੇ ਨੂੰ ਭਾਰੀ ਨੁਕਸਾਨ ਹੋਵੇਗਾ। ਆਗੂਆਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਸ ਇਲਾਕੇ ਦੇ ਜੰਗਲੀ ਖੇਤਰ ਵਿੱਚ ਕਈ ਪ੍ਰਕਾਰ ਦੇ ਜੰਗਲੀ ਜੀਵ ਜੰਤੂ ਰਹਿੰਦੇ ਹਨ ਅਤੇ ਜੇਕਰ ਇਹ ਪੇਪਰ ਮਿਲ ਲੱਗ ਜਾਂਦੀ ਹੈ ਤਾਂ ਜਿੱਥੇ ਹਰਾ ਭਰਾ ਜੰਗਲ ਅਤੇ ਜੰਗਲੀ ਜੀਵ ਜੰਤੂ ਖਤਮ ਹੋ ਜਾਣਗੇ , ਉੱਥੇ ਹੀ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਜਾਵੇਗਾ।
ਆਗੂਆਂ ਨੇ ਦੱਸਿਆ ਮੰਤਰੀ ਕੋਲ ਪੇਪਰ ਮਿੱਲ ਖ਼ਿਲਾਫ਼ ਲਗਭਗ 72 ਪੰਚਾਇਤਾਂ ਦੇ ਪੰਚਾਂ, ਸਰਪੰਚਾਂ ਅਤੇ ਨਗਰ ਕੌਂਸਲ ਚਮਕੌਰ ਸਾਹਿਬ ਦੇ 9 ਕੌਂਸਲਰਾਂ ਵੱਲੋਂ ਤਸਦੀਕ ਕੀਤੇ ਇਤਰਾਜ਼ਾਂ ਦਾ ਵੇਰਵਾ ਵੀ ਲਿਖਤੀ ਦਰਜ ਕਰਵਾਇਆ ਅਤੇ ਮੰਗ ਕੀਤੀ ਗਈ ਕਿ ਇਸ ਮਿੱਲ ਲਈ ਵਾਤਾਵਰਣ ਕਲੀਅਰੈਂਸ ਸਰਟੀਫਿਕੇਟ ਜਾਰੀ ਨਾ ਕੀਤਾ ਜਾਵੇ। ਇਸ ਮੌਕੇ ਕੌਸਲਰ ਸੁਖਬੀਰ ਸਿੰਘ, ਤਾਰਾ ਸਿੰਘ ਅਤੇ ਕਿਸਾਨ ਆਗੂ ਜਸਪ੍ਰੀਤ ਸਿੰਘ ਜੱਸਾ ਹਾਜ਼ਰ ਸਨ।