ਵਿਸ਼ਵ ਸ਼ਾਂਤੀ ਮਿਸ਼ਨ ਟਰੱਸਟ ਨੇ ਅਧਿਆਪਕ ਦਿਵਸ ਮਨਾਇਆ
ਵਿਸ਼ਵ ਸ਼ਾਂਤੀ ਮਿਸ਼ਨ ਟਰੱਸਟ ਨੇ ਅੱਜ ਅਧਿਆਪਕ ਦਿਵਸ ਦੇ ਮੌਕੇ ’ਤੇ ਝੁੱਗੀਆਂ ਵਿੱਚ ਪੜ੍ਹਾਉਣ ਵਾਲੇ ਵਾਲੰਟੀਅਰ ਅਧਿਆਪਕਾਂ ਦੇ ਸਨਮਾਨ ਵਿੱਚ ਇੱਕ ਸਮਾਗਮ ਕਰਵਾਇਆ। ਇਸ ਮੌਕੇ ਟਰੱਸਟ ਦੇ ਸਕੱਤਰ ਐੱਮਐੱਨ ਸ਼ੁਕਲਾ ਨੇ ਕਿਹਾ ਕਿ ਪ੍ਰਤੀਕੂਲ ਹਾਲਾਤਾਂ ਵਿੱਚ ਵੀ ਇਹ ਅਧਿਆਪਕ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਟਰੱਸਟ ਦੇ ਮੁਫ਼ਤ ਸਿੱਖਿਆ ਕੇਂਦਰਾਂ ਵਿੱਚ ਇਕੱਠਾ ਕਰਕੇ ਉਨ੍ਹਾਂ ਨੂੰ ਸਿੱਖਿਆ ਦੀ ਰਾਹ ’ਤੇ ਲਿਆਉਣ ਲਈ ਹਰ ਸੰਭਵ ਯਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਸ਼ਾਂਤੀ ਮਿਸ਼ਨ ਟਰੱਸਟ ਮਜ਼ਦੂਰਾਂ ਦੇ ਅਜਿਹੇ ਬੱਚਿਆਂ ਦੇ ਭਵਿੱਖ ਨੂੰ ਬਣਾਉਣ ਲਈ ਕੰਮ ਕਰਦਾ ਹੈ, ਜੋ ਕਿਸੇ ਵੀ ਸਕੂਲ ਵਿੱਚ ਨਹੀਂ ਜਾਂਦੇ ਅਤੇ ਸਿੱਖਿਆ ਤੋਂ ਵਾਂਝੇ ਰਹਿੰਦੇ ਹਨ। ਅਜਿਹੇ ਬੱਚਿਆਂ ਨੂੰ ਟਰੱਸਟ ਦੇ ਮੁਫ਼ਤ ਸਿੱਖਿਆ ਕੇਂਦਰਾਂ ਵਿੱਚ ਦਾਖਲ ਕਰਵਾ ਕੇ ਅਤੇ ਵੱਡੀ ਉਮਰ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਮੁਫ਼ਤ ਸਿਲਾਈ ਕੇਂਦਰਾਂ ਵਿੱਚ ਦਾਖਲ ਕਰਵਾ ਕੇ ਸਿੱਖਿਅਤ ਕੀਤਾ ਜਾਂਦਾ ਹੈ। ਸੈਕਟਰੀ ਸ੍ਰੀ ਸ਼ੁਕਲਾ ਨੇ ਦੱਸਿਆ ਕਿ ਝੁੱਗੀਆਂਵਿੱਚ ਪੜ੍ਹਾਉਣ ਵਾਲੇ ਵਾਲੰਟੀਅਰ ਅਧਿਆਪਕਾਂ ਵਿੱਚ ਮੈਡਮ ਜਨਕ ਰਾਣੀ, ਕਾਂਤਾ ਕੁਮਾਰੀ, ਪਰਵਿੰਦਰ ਕੌਰ, ਚੰਪਾ, ਸਵਿਤਾ ਪਾਲ, ਪੂਨਮ, ਕੁਮਾਰੀ ਮੀਨੂੰ ਅਤੇ ਹੰਸਾ ਪਾਲ ਸ਼ਾਮਲ ਹਨ।