ਸਰਸਾ ਨੰਗਲ ਪੁਲ ਦਾ ਕੰਮ 15 ਦਿਨਾਂ ਅੰਦਰ ਸ਼ੁਰੂ ਹੋਵੇਗਾ: ਬੈਂਸ
ਸਰਸਾ ਨੰਗਲ ਵਿਖੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਇੱਕ ਅਜਿਹਾ ਸ਼ਾਨਦਾਰ ਫੁਟਓਵਰ ਬ੍ਰਿਜ ਬਣਾਇਆ ਜਾ ਰਿਹਾ ਹੈ, ਜਿਹੜਾ ਕਿ ਫੁਟਓਵਰ ਬ੍ਰਿਜ ਦੇ ਨਾਲ ਨਾਲ ਗੇਟ ਦਾ ਵੀ ਕੰਮ ਕਰੇਗਾ। ਨੇੜਲੇ ਪਿੰਡ ਸਰਸਾ ਨੰਗਲ ਦੇ ਛਿੰਝ ਮੇਲੇ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਫੁੱਟਓਵਰ ਬ੍ਰਿਜ ਦਾ ਕੰਮ 15 ਦਿਨਾਂ ਦੇ ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਕ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸੀਨੀਅਰ ਸੈਕੰਡਰੀ ਸਕੂਲ ਤ਼ੇ ਪ੍ਰਾਇਮਰੀ ਸਕੂਲ ਸਰਸਾ ਨੰਗਲ ਦੀ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਲਾਈਨ ਦੇ ਉੱਤੇ ਵੀ ਪੁਲ ਬਣਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਅੰਡਰਪਾਸ ਵਿੱਚ ਖੜ੍ਹਦੇ ਬਰਸਾਤੀ ਪਾਣੀ ਤੋਂ ਨਿਜ਼ਾਤ ਦਿਵਾਈ ਜਾ ਸਕੇ। ਉਨ੍ਹਾਂ ਦੱਸਿਆ ਮਾਜਰੀ ਗੁੱਜਰਾਂ ਤੋਂ ਖਰੋਟਾ ਤੱਕ 18 ਫੁੱਟੀ ਸੜਕ ਬਣਾਈ ਜਾਵੇਗੀ।ਇਸ ਮੌਕੇ ਉਨ੍ਹਾਂ ਨੇੜਲੇ ਪਿੰਡਾਂ ਦੀਆਂ ਤਿੰਨ ਵਿਦਿਆਰਥਣਾਂ ਨੂੰ ਸਾਈਕਲ ਵੀ ਭੇਟ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਕਮਿੱਕਰ ਸਿੰਘ ਡਾਢੀ, ਜੁਝਾਰ ਸਿੰਘ ਮੁਲਤਾਨੀ, ਗੁਰਸੇਵਕ ਸਿੰਘ ਭਰਤਗੜ੍ਹ ਆਦਿ ਆਪ ਆਗੂਆਂ ਤੋਂ ਇਲਾਵਾ ਰਤਨ ਸਿੰਘ ਸਰਸਾ ਨੰਗਲ, ਮੋਹਣ ਸਿੰਘ,ਲਵਪ੍ਰੀਤ ਸਿੰਘ ਪੰਚ ਸਰਸਾ ਨੰਗਲ, ਹਰਭਜਨ ਸਿੰਘ ਸਾਬਕਾ ਸਰਪੰਚ ਕੋਟਬਾਲਾ ਆਦਿ ਵੀ ਹਾਜ਼ਰ ਸਨ।