ਔਰਤਾਂ ਤੇ ਵਿਦਿਆਰਥਣਾਂ ਨੇ ਚੱਕਾ ਜਾਮ ਕੀਤਾ
ਕੁਰਾਲੀ ਬੱਸ ਅੱਡੇ ’ਤੇ ਬੱਸਾਂ ਨਾ ਰੁਕਣ ਖ਼ਿਲਾਫ਼ ਰੋਸ ਜਤਾਇਆ; ਚੇਅਰਮੈਨ ਨੇ ਸਮੱਸਿਆ ਹੱਲ ਕਰਵਾਈ
ਸ਼ਹਿਰ ਦੇ ਬੱਸ ਅੱਡੇ ਉੱਤੇ ਰੋਡਵੇਜ਼ ਦੀਆਂ ਬੱਸਾਂ ਨਾ ਰੁਕਣ ਅਤੇ ਮਹਿਲਾਵਾਂ ਤੇ ਵਿਦਿਆਰਥਣਾਂ ਨੂੰ ਬੱਸਾਂ ਵਿੱਚ ਨਾ ਚੜ੍ਹਾਉਣ ਨੂੰ ਲੈ ਕੇ ਰੋਹ ਵਿੱਚ ਆਈਆਂ ਸਵਾਰੀਆਂ ਨੇ ਅੱਜ ਸ਼ਹਿਰ ਦੇ ਮੇਨ ਚੌਕ ’ਚ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਸ਼ਨਕਾਰੀ ਮਹਿਲਾਵਾਂ ਨੇ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਤੋਂ ਬੱਸਾਂ ਭਜਾ ਕੇ ਲਿਜਾਣ ਵਾਲੇ ਡਰਾਈਵਰਾਂ ਤੇ ਕੰਡਕਟਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ। ਸ਼ਹਿਰ ਤੋਂ ਖਰੜ, ਮੁਹਾਲੀ, ਚੰਡੀਗੜ੍ਹ ਅਤੇ ਹੋਰਨਾਂ ਥਾਵਾਂ ਨੂੰ ਜਾਣ ਵਾਲੀਆਂ ਮਹਿਲਾਵਾਂ ਤੇ ਵਿਦਿਆਰਥਣਾਂ ਨੂੰ ਅੱਜ ਘੰਟਿਆਂਬੱਧੀ ਬੱਸ ਅੱਡੇ ‘ਤੇ ਖੜ੍ਹ ਕੇ ਬੱਸਾਂ ਦੀ ਉਡੀਕ ਕਰਨੀ ਪਈ। ਰੋਡਵੇਜ਼ ਦੀਆਂ ਬੱਸਾਂ ਅੱਡੇ ‘ਤੇ ਰੁਕਣ ਦੀ ਥਾਂ ਅੱਡੇ ਤੋਂ ਪਿੱਛੇ ਜਾਂ ਅੱਗੇ ਸਵਾਰੀਆਂ ਲਾਹ ਕੇ ਜਾਂਦੀਆਂ ਰਹੀਆਂ। ਇਸੇ ਦੌਰਾਨ ਕੁਝ ਲੜਕੀਆਂ ਨੇ ਭੱਜ ਕੇ ਬੱਸ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਹ ਅਸਫ਼ਲ ਰਹੀਆਂ। ਜਦੋਂ ਸਵਾਰੀਆਂ ਦੀ ਕਾਫ਼ੀ ਭੀੜ ਬੱਸ ਅੱਡੇ ‘ਤੇ ਲੱਗ ਗਈ ਤਾਂ ਰੋਹ ਵਿੱਚ ਆਈਆਂ ਮਹਿਲਾਵਾਂ ਤੇ ਲੜਕੀਆਂ ਨੇ ਬੱਸ ਅੱਡੇ ਦੇ ਮੇਨ ਚੌਂਕ ਵਿੱਚ ਚੱਕਾ ਜਾਮ ਕਰ ਦਿੱਤਾ। ਪ੍ਰਦਸ਼ਨਕਾਰੀ ਮਹਿਲਾਵਾਂ ਤੇ ਵਿਦਿਆਰਥਣਾਂ ਨੇ ਦੱਸਿਆ ਕਿ ਆਧਾਰ ਕਾਰਡ ਹੋਣ ਕਾਰਨ ਰੋਡਵੇਜ਼ ਦੇ ਡਰਾਈਵਰ ਬੱਸਾਂ ਅੱਡੇ ’ਤੇ ਨਹੀਂ ਰੋਕਦੇ ਜਿਸ ਕਾਰਨ ਉਨ੍ਹਾਂ ਨੂੰ ਪੇਸ਼ਾਨੀ ਝੱਲਣੀ ਪੈ ਰਹੀ ਹੈ। ਪੰਜਾਬ ਰੋਡਵੇਜ਼ ਦੇ ਬਟਾਲਾ, ਹੁਸ਼ਿਆਪੁਰ ਤੇ ਪਠਾਨਕੋਟ ਡਿਪੂ ਦੀਆਂ ਬੱਸਾਂ ਕੁਰਾਲੀ ਅੱਡੇ ਉਤੇ ਬਿਲਕੁਲ ਨਹੀਂ ਰੁਕਦੀਆਂ ਸਗੋਂ ਜੇਕਰ ਇਨ੍ਹਾਂ ਡਿਪੂਆਂ ਦੀ ਬੱਸ ਕਿਸੇ ਤਰ੍ਹਾਂ ਚੜ੍ਹ ਵੀ ਜਾਣ ਤਾਂ ਇਨ੍ਹਾਂ ਡੀਪੂਆਂ ਦੇ ਡਰਾਈਵਰਾਂ ਤੇ ਕੰਡਕਟਰਾਂ ਦਾ ਰਵੱਈਆ ਮਾੜਾ ਹੈ।
ਕੌਮੀ ਮਾਰਗ ’ਤੇ ਜਾਮ ਦੀ ਸਥਿਤੀ ਨੂੰ ਦੇਖਦਿਆਂ ਪੰਜਾਬ ਯੂਥ ਡਿਵੈੱਲਪਮੈਂਟ ਤੇ ਸਪੋਰਟਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਮੌਕੇ ’ਤੇ ਪੁੱਜੇ। ਉਨ੍ਹਾਂ ਮਾਮਲੇ ਬਾਰੇ ਰੋਡਵੇਜ਼ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਰੂਪਨਗਰ ਡਿਪੂ ਦੇ ਜਨਰਲ ਮੈਨੇਜ਼ਰ ਪਰਮਵੀਰ ਸਿੰਘ ਨੂੰ ਮੌਕੇ ’ਤੇ ਸੱਦਿਆ। ਜਨਰਲ ਮੈਨੇਜਰ ਵਲੋਂ ਸਮੱਸਿਆ ਦੇ ਪੱਕੇ ਹੱਲ ਅਤੇ ਮਹਿਲਾਵਾਂ ਲਈ ਬੱਸਾਂ ਰੋਕਣ ਦਾ ਪ੍ਰਬੰਧ ਕਰਨ ਦੇ ਮਨੋਰਥ ਨਾਲ ਇੰਪਸਪੈਕਟਰ ਦੀ ਡਿਊਟੀ ਲਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਮਹਿਲਾਵਾਂ ਨੇ ਜਾਮ ਖੋਲ੍ਹਿਆ।
ਕੁਰਾਲੀ ਅੱਡੇ ਉਤੇ ਬੱਸਾਂ ਰੋਕ ਕੇ ਮਹਿਲਾਵਾਂ ਤੇ ਵਿਦਿਆਰਥਣਾਂ ਨੂੰ ਬੱਸਾਂ ਚੜ੍ਹਾਉਣ ਦੇ ਕੀਤੇ ਵਾਅਦੇ ਅਨੁਸਾਰ ਗੁਰਪ੍ਰੀਤ ਸਿੰਘ ਇੰਸਪੈਕਟਰ ਦੀ ਡਿਊਟੀ ਸਵੇਰੇ 7 ਤੋਂ 9 ਵਜੇ ਤੱਕ ਕੁਰਾਲੀ ਅੱਡੇ ’ਤੇ ਲਾਈ ਗਈ ਹੈ। ਇਸ ਸਬੰਧੀ ਲਿਖਤੀ ਹੁਕਮ ਰੂਪਨਗਰ ਡਿਪੂ ਦੇ ਜਨਰਲ ਮੈਨੇਜਰ ਵਲੋਂ ਜਾਰੀ ਕੀਤੇ ਗਏ ਹਨ।

