ਕਰਜ਼ੇ ਕਾਰਨ ਨਹਿਰ ਵਿੱਚ ਛਾਲ ਮਾਰ ਖੁਦਕੁਸ਼ੀ ਕਰਨ ਵਾਲੀ ਔਰਤ ਦੀ ਭਾਲ ਜਾਰੀ !
ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਰਿਕਵਰੀ ਏਜੰਟਾਂ ’ਤੇ ਤੰਗ-ਪਰੇਸ਼ਾਨ ਕਰਨ ਦੇ ਇਲਜ਼ਾਮ
ਰੂਪਨਗਰ ਜ਼ਿਲ੍ਹੇ ਦੇ ਨੰਗਲ ਕਸਬੇ ਦੀ ਰਹਿਣ ਵਾਲੀ ਰੰਜਨਾ ਦੇਵੀ ਨਾਂ ਦੀ ਔਰਤ ਨੇ ਕਥਿਤ ਤੌਰ ’ਤੇ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਰਿਕਵਰੀ ਏਜੰਟਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ। ਹਾਲਾਂਕਿ ਇਸ ਔਰਤ ਨੇ ਸਿਰਫ਼ 1,000 ਰੁਪਏ ਦਾ ਕਰਜ਼ਾ ਚੁਕਾਉਣਾ ਸੀ। ਔਰਤ ਨੇ ਨੰਗਲ ਹਾਈਡਲ ਨਹਿਰ ਵਿੱਚ ਛਾਲ ਮਾਰ ਦਿੱਤੀ। ਪੁਲੀਸ ਸੂਤਰਾਂ ਮੁਤਾਬਕ, ਉਸਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ ਪਰ BBMB ਦੇ ਗੰਗੂਵਾਲ ਪਾਵਰ ਪ੍ਰੋਜੈਕਟ ਨੇੜੇ ਦੇਖੀ ਗਈ ਸੀ।
ਰੂਪਨਗਰ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਨੰਗਲ ਪੁਲੀਸ ਨੇ ਇੱਕ ਫਾਈਨਾਂਸ ਕੰਪਨੀ ਦੇ ਤਿੰਨ ਰਿਕਵਰੀ ਏਜੰਟਾਂ (ਸ਼ੁਭਮ, ਸਾਗਰ ਅਤੇ ਅਭਿਸ਼ੇਕ) ਖ਼ਿਲਾਫ਼ BNS ਦੀ ਧਾਰਾ 108 (ਖੁਦਕੁਸ਼ੀ ਲਈ ਉਕਸਾਉਣ) ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਹੈ। ਉਨ੍ਹਾਂ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਉਹ ਇਲਾਕੇ ਵਿੱਚ ਗ਼ੈਰ-ਕਾਨੂੰਨੀ ਫਾਈਨਾਂਸ ਰੈਕੇਟ ਚਲਾਉਣ ਵਾਲੇ ਲੋਕਾਂ ’ਤੇ ਸਖ਼ਤ ਕਾਰਵਾਈ ਕਰਨ।
ਉੱਧਰ ਇਸ ਘਟਨਾ ਨੇ ਇਹ ਵੀ ਬੇਨਕਾਬ ਕੀਤਾ ਹੈ ਕਿ ਕਿਵੇਂ ਖੇਤਰ ਵਿੱਚ ਗ਼ੈਰ-ਕਾਨੂੰਨੀ ਅਤੇ ਗੈਰ-ਨਿਯੰਤ੍ਰਿਤ ਨਿੱਜੀ ਫਾਈਨਾਂਸਰਾਂ ਦਾ ਇੱਕ ਨੈੱਟਵਰਕ ਕੰਮ ਕਰ ਰਿਹਾ ਹੈ। ਇਹ ਕੰਪਨੀਆਂ ਗਰੀਬ ਲੋਕਾਂ ਤੋਂ ਮਹੀਨੇਵਾਰ 5 ਤੋਂ 10 ਫੀਸਦ ਤੱਕ ਭਾਰੀ ਵਿਆਜ ਦਰਾਂ ਵਸੂਲ ਕਰਦੀਆਂ ਹਨ, ਜੋ ਕਿ ਸਾਲਾਨਾ 60 ਤੋਂ 120 ਪ੍ਰਤੀਸ਼ਤ ਬਣ ਜਾਂਦੀਆਂ ਹਨ। ਇਹ RBI ਦੇ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ।

