ਬੀਤੀ ਰਾਤ ਚੋਰ ਗਿਰੋਹ ਨੇ ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਧਰਮਗੜ੍ਹ ਦੇ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਬਿਜਲੀ ਦੇ ਸੱਤ ਖੰਭਿਆਂ ਤੋਂ ਅਲੂਮੀਨੀਅਮ ਦੀਆਂ ਤਾਰਾਂ ਚੋਰੀ ਕਰ ਲਈਆਂ। ਪੀੜਤ ਕਿਸਾਨਾਂ ਜਸਵੀਰ ਸਿੰਘ, ਹਰਦੇਵ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੇ ਖੇਤਾਂ ਵਿੱਚ ਪਸ਼ੂਆਂ ਦਾ ਚਾਰਾ ਲੈਣ ਲਈ ਆਏ ਤਾਂ ਦੇਖਿਆ ਕਿ ਖੇਤਾਂ ਵਿੱਚ ਲੱਗੀ ਮੋਟਰ ਨੂੰ ਬਿਜਲੀ ਸਪਲਾਈ ਦੇਣ ਵਾਲੇ ਖੰਭਿਆਂ ਤੋਂ ਅਲੂਮੀਨੀਅਮ ਦੀਆਂ ਤਾਰਾਂ ਗਾਇਬ ਸਨ ਅਤੇ ਚੋਰ ਗਿਰੋਹ ਨੇ ਬੀਤੀ ਰਾਤ ਬਿਜਲੀ ਦੇ ਸੱਤ ਖੰਭਿਆਂ ਤੋਂ ਤਾਰਾਂ ਚੋਰੀ ਕੀਤੀਆਂ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ।