ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੀਂਹ ਨਾਲ ਟ੍ਰਾਈਸਿਟੀ ਵਿੱਚ ਮੌਸਮ ਖ਼ੁਸ਼ਗਵਾਰ

ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ; ਤਾਪਮਾਨ ਵਿੱਚ 5.6 ਡਿਗਰੀ ਸੈਲਸੀਅਸ ਦੀ ਗਿਰਾਵਟ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 17 ਜੂਨ

Advertisement

ਚੰਡੀਗੜ੍ਹ ਟ੍ਰਾਈਸਿਟੀ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਲੰਘੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਅੱਜ ਸਾਰਾ ਦਿਨ ਮੌਸਮ ਖ਼ੁਸ਼ਗਵਾਰ ਕਰ ਦਿੱਤਾ ਹੈ। ਮੀਂਹ ਦੇ ਨਾਲ-ਨਾਲ ਚੱਲ ਰਹੀਆਂ ਠੰਢੀਆਂ ਹਵਾਵਾਂ ਕਰ ਕੇ ਅੱਜ ਤਾਪਮਾਨ ਵਿੱਚ ਵੀ 5.6 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉੱਧਰ, ਮੌਸਮ ਵਿੱਚ ਠੰਢਕ ਹੋਣ ਕਰ ਕੇ ਸਾਰਾ ਦਿਨ ਲੋਕਾਂ ਦੇ ਚਿਹਰੇ ਵੀ ਖਿੜੇ ਰਹੇ ਅਤੇ ਚੰਡੀਗੜ੍ਹ ਵਿੱਚ ਸੈਲਾਨੀਆਂ ਦੀ ਭੀੜ ਲੱਗੀ ਰਹੀ ਹੈ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ 5 ਦਿਨ 18 ਤੋਂ 22 ਜੂਨ ਤੱਕ ਬੱਦਲਵਾਈ ਰਹਿਣ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਰੁਕ-ਰੁਕ ਕੇ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿੱਚ ਲੰਘੀ ਰਾਤ ਤੋਂ ਹੀ ਕਿਣ-ਮਿਣ ਹੋ ਰਹੀ ਸੀ। ਇਸ ਦੇ ਨਾਲ ਹੀ ਸਵੇਰ ਸਮੇਂ ਵੀ ਸ਼ਹਿਰ ਵਿੱਚ ਕਿਣ-ਮਿਣ ਹੁੰਦੀ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 3.6 ਐੱਮਐੱਮ, ਪੰਚਕੂਲਾ ਤੇ ਮੁਹਾਲੀ ਵਿੱਚ ਮਾਮੂਲੀ ਮੀਂਹ ਪਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉੱਧਰ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 30.6 ਡਿਗਰੀ ਸੈਲਸੀਅਸ ਅਤੇ ਪੰਚਕੂਲਾ ਵਿੱਚ 30.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ।

ਸਿਟੀ ਬਿਊਟੀਫੁੱਲ ਵਿੱਚ ਮੌਸਮ ਸੁਹਾਵਣਾ ਹੋਣ ਕਰ ਕੇ ਅੱਜ ਦਿਨ ਭਰ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਤੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਸੈਲਾਨੀਆਂ ਦੀ ਭੀੜ ਲੱਗੀ ਰਹੀ ਹੈ। ਇਸ ਤੋਂ ਇਲਾਵਾ ਵੀ ਸ਼ਹਿਰ ਦੀਆਂ ਸੜਕਾਂ ਅਤੇ ਮਾਰਕੀਟਾਂ ਵਿੱਚ ਲੋਕਾਂ ਦੀ ਭੀੜ ਲੱਗੀ ਰਹੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਪੂਰਾ ਹਫ਼ਤਾ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੇਗੀ।

 

ਜੂਨ ਵਿੱਚ 65.8 ਫ਼ੀਸਦ ਘੱਟ ਪਿਆ ਮੀਂਹ

ਚੰਡੀਗੜ੍ਹ ਵਿੱਚ ਜੂਨ ਮਹੀਨੇ ਦੌਰਾਨ ਆਮ ਨਾਲੋਂ 65.8 ਫ਼ੀਸਦ ਘੱਟ ਮੀਂਹ ਪਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪਹਿਲੀ ਜੂਨ ਤੋਂ ਅੱਜ ਤੱਕ 21 ਐੱਮਐੱਮ ਮੀਂਹ ਪਿਆ ਹੈ। ਇਹ ਆਮ ਨਾਲੋਂ 65.8 ਫ਼ੀਸਦ ਘੱਟ ਹੈ।

Advertisement