Weather Alert ਉੱਤਰ ਭਾਰਤ ਵਿਚ ਠੰਢ ਦੀ ਅਗਾਊਂ ਦਸਤਕ
ਬਰਫ਼ਬਾਰੀ ਤੇ ਭਾਰੀ ਮੀਂਹ ਨਾਲ ਮੌਸਮ ਨੇ ਮਾਰੀ ਪਲਟੀ, ਪੰਜਾਬ ਵਿਚ 415% ਵੱਧ ਮੀਂਹ, ਪੂਰਬੀ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਚੇਤਾਵਨੀ
ਉੱਤਰ ਭਾਰਤ ਵਿਚ ਠੰਢ ਨੇ ਐਤਕੀਂ ਅਗਾਊਂ ਦਸਤਕ ਦੇ ਦਿੱਤੀ ਹੈ। ਹਿਮਾਚਲ ਦੀਆਂ ਪਹਾੜੀਆਂ ਵਿੱਚ ਬੇਮੌਸਮੀ ਬਰਫ਼ਬਾਰੀ ਅਤੇ ਪੰਜਾਬ ਅਤੇ ਹਰਿਆਣਾ ਵਿੱਚ ਰੁਕ-ਰੁਕ ਕੇ ਭਾਰੀ ਮੀਂਹ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਮੌਸਮ ਵਿਚ ਠੰਢਕ ਲੈ ਆਂਦੀ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਤਾਪਮਾਨ ਵਿੱਚ ਗਿਰਾਵਟ, ਫਸਲਾਂ ’ਤੇ ਨਮੀ ਦੇ ਪ੍ਰਭਾਵ ਅਤੇ ਖੇਤਾਂ ਵਿੱਚ ਪਾਣੀ ਭਰਨ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।
ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਮੰਗਲਵਾਰ ਨੂੰ ਪੂਰਬੀ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਪੱਛਮੀ ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ।
ਹਰਿਆਣਾ ਦੇ ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ ਅਤੇ ਚਰਖੀ ਦਾਦਰੀ ਵਿੱਚ ਵੀ ਰੁਕ ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਦਾ ਇਹ ਦੌਰ ਨਾ ਸਿਰਫ਼ ਝੋਨੇ ਦੀ ਕਟਾਈ ਨੂੰ ਰੋਕ ਰਿਹਾ ਹੈ, ਸਗੋਂ ਖੇਤਾਂ ਵਿੱਚ ਪਾਣੀ ਵੀ ਭਰ ਰਿਹਾ ਹੈ, ਜਿਸ ਨਾਲ ਅਗਲੇ ਬਿਜਾਈ ਸੀਜ਼ਨ ਦੀਆਂ ਤਿਆਰੀਆਂ ਵਿਚ ਅੜਿੱਕਾ ਪੈ ਰਿਹਾ ਹੈ। ਕਿਸਾਨ ਖੁੱਲ੍ਹੇ ਵਿੱਚ ਸਟੋਰ ਕੀਤੇ ਝੋਨੇ ਅਤੇ ਪਰਾਲੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।
ਹਿਮਾਚਲ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ
ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ ਹੈ। ਪਿਛਲੇ ਦੋ ਦਿਨਾਂ ਤੋਂ ਕਿੰਨੌਰ, ਲਾਹੌਲ-ਸਪਿਤੀ, ਕੁੱਲੂ ਅਤੇ ਕਾਂਗੜਾ ਵਿੱਚ ਬਰਫ਼ਬਾਰੀ ਹੋ ਰਹੀ ਹੈ, ਜਦੋਂ ਕਿ ਸ਼ਿਮਲਾ, ਮੰਡੀ ਅਤੇ ਬਿਲਾਸਪੁਰ ਵਿੱਚ ਲਗਾਤਾਰ ਮੀਂਹ ਪੈਣ ਨਾਲ ਠੰਢ ਵਧ ਗਈ ਹੈ। ਮੌਸਮ ਵਿਭਾਗ ਅਨੁਸਾਰ 7 ਅਕਤੂਬਰ ਨੂੰ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਜ ਅਤੇ ਮੀਂਹ ਜਾਰੀ ਰਹੇਗਾ, ਜਦੋਂ ਕਿ 8 ਅਕਤੂਬਰ ਨੂੰ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਸੱਜਰੀ ਬਰਫ਼ਬਾਰੀ
ਅਕਤੂਬਰ ਦੀ ਸ਼ੁਰੂਆਤ ਵਿੱਚ ਰਿਕਾਰਡਤੋੜ ਮੀਂਹ
ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ, ਅਕਤੂਬਰ ਦੇ ਪਹਿਲੇ ਹਫ਼ਤੇ ਪਹਿਲਾਂ ਹੀ ਰਿਕਾਰਡਤੋੜ ਮੀਂਹ ਪੈ ਚੁੱਕਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ 6 ਅਕਤੂਬਰ ਤੱਕ ਪੰਜਾਬ ਵਿੱਚ 415 ਫੀਸਦ ਮੀਂਹ ਪੈ ਚੁੱਕਾ ਹੈ। ਪੰਜਾਬ ਵਿਚ 415 ਫੀਸਦ, ਹਿਮਾਚਲ ਪ੍ਰਦੇਸ਼ ਵਿਚ 248 ਫੀਸਦ ਤੇ ਹਰਿਆਣਾ ਵਿਚ 129 ਫੀਸਦ ਵਧ ਮੀਂਹ ਪੈ ਚੁੱਕੇ ਹਨ। ਪਿਛਲੇ ਕਈ ਸਾਲਾਂ ਵਿੱਚ ਮੌਨਸੂਨ ਤੋਂ ਬਾਅਦ ਦੇ ਮੀਂਹ ਦਾ ਸਭ ਤੋਂ ਵੱਡਾ ਅੰਤਰ ਮੰਨਿਆ ਜਾ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਇਸ ਮੀਂਹ ਨਾਲ ਆਉਣ ਵਾਲੇ ਹਫ਼ਤਿਆਂ ਵਿੱਚ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਘੱਟ ਸਕਦਾ ਹੈ।
ਡੈਮਾਂ ਨੂੰ ਲੈ ਕੇ ਫ਼ਿਕਰ ਵਧਿਆ, ਪਾਣੀ ਦੇ ਪੱਧਰ ’ਤੇ ਹੈ ਨਜ਼ਰ
ਲਗਾਤਾਰ ਮੀਂਹ ਨਾਲ ਖੇਤਰ ਦੇ ਮੁੱਖ ਜਲ ਭੰਡਾਰਾਂ, ਭਾਖੜਾ ਅਤੇ ਪੌਂਗ ਡੈਮਾਂ ਵਿੱਚ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਉਮੀਦ ਹੈ। ਮੌਜੂਦਾ ਸਮੇਂ ਦੋਵਾਂ ਡੈਮਾਂ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਮੀਂਹ ਦੌਰਾਨ ਅਚਾਨਕ ਕਿਸੇ ਵੀ ਵਹਾਅ ਨੂੰ ਸੰਭਾਲਣ ਲਈ ਸੁਰੱਖਿਆ ਹੱਦ ਤੋਂ ਹੇਠਾਂ ਹੈ। ਅਗਸਤ-ਸਤੰਬਰ ਵਿੱਚ ਪੌਂਗ ਡੈਮ ਉਪਰਲੀ ਹੱਦ ਤੋਂ ਪੰਜ ਫੁੱਟ ਉੱਪਰ ਪਹੁੰਚ ਗਿਆ ਸੀ, ਅਤੇ ਹੁਣ ਇਹ ਦੁਬਾਰਾ ਵਧਣ ਲੱਗਾ ਹੈ। ਮੌਸਮ ਵਿਭਾਗ ਮੁਤਾਬਕ 6 ਅਕਤੂਬਰ ਤੱਕ ਕੁੱਲੂ ਵਿੱਚ 5353 ਫੀਸਦ, ਮੰਡੀ ਵਿੱਚ 1963 ਫੀਸਦ ਅਤੇ ਕਾਂਗੜਾ ਵਿੱਚ 1367 ਫੀਸਦ ਵੱਧ ਮੀਂਹ ਦਰਜ ਕੀਤਾ ਗਿਆ ਹੈ। ਸ਼ਿਮਲਾ ਵਿੱਚ 554 ਫੀਸਦ ਵਧ ਮੀਂਹ, ਬਿਲਾਸਪੁਰ ਵਿੱਚ 1417 ਫੀਸਦ ਅਤੇ ਕਿਨੌਰ ਵਿੱਚ 73 ਫੀਸਦ ਘੱਟ ਮੀਂਹ ਦਰਜ ਕੀਤੇ ਗਏ ਹਨ।
ਨਦੀਆਂ ਚੜ੍ਹਨ ਨਾਲ ਮੁਸ਼ਕਲਾਂ ਵਧੀਆਂ
ਭਾਰੀ ਮੀਂਹ ਕਰਕੇ ਸਤਲੁਜ ਅਤੇ ਰਾਵੀ ਦਰਿਆਵਾਂ ਦੇ ਜਲ ਭੰਡਾਰ ਖੇਤਰ ਕਿਨੌਰ, ਮੰਡੀ, ਬਿਲਾਸਪੁਰ, ਕਾਂਗੜਾ, ਚੰਬਾ, ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਰਾਵੀ ਦਰਿਆ ’ਤੇ ਥੀਨ ਡੈਮ ਅਤੇ ਸਤਲੁਜ ਦਰਿਆ ’ਤੇ ਭਾਖੜਾ ਜਲ ਭੰਡਾਰ ਵਿੱਚ ਪਾਣੀ ਦਾ ਵਹਾਅ ਵਧਿਆ ਹੈ। ਅਧਿਕਾਰੀਆਂ ਨੇ ਸੰਭਾਵੀ ਹੜ੍ਹਾਂ ਦੀ ਸੰਭਾਵਨਾ ਨੂੰ ਦੇਖਦੇ ਹੋਏ ਕੰਟਰੋਲ ਉਪਾਅ ਸ਼ੁਰੂ ਕਰ ਦਿੱਤੇ ਹਨ।
ਕਿਸਾਨਾਂ ਦੀ ਅਪੀਲ: ‘ਝੋਨਾ ਭਿੱਜ ਗਿਆ ਹੈ, ਖੇਤ ਦਲਦਲੀ ਹੋ ਗਏ ਹਨ’
ਮੁਹਾਲੀ, ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਨੇ ਝੋਨੇ ਦੀ ਕਟਾਈ ਰੋਕ ਦਿੱਤੀ ਹੈ ਅਤੇ ਖੁੱਲ੍ਹੇ ਵਿੱਚ ਰੱਖਿਆ ਅਨਾਜ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ। ਖੇਤਾਂ ਵਿੱਚ ਪਾਣੀ ਭਰਨ ਨਾਲ ਹਾੜ੍ਹੀ ਦੀਆਂ ਫਸਲਾਂ ਦੀਆਂ ਤਿਆਰੀਆਂ ਵੀ ਰੁਕ ਗਈਆਂ ਹਨ। ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨਮੀ ਹਾੜ੍ਹੀ ਦੀ ਬਿਜਾਈ ਲਈ ਲਾਭਦਾਇਕ ਹੋ ਸਕਦੀ ਹੈ, ਪਰ ਇਸ ਮੀਂਹ ਨਾਲ ਸਾਉਣੀ ਦੇ ਸੀਜ਼ਨ ਦੀਆਂ ਅੰਤਿਮ ਫਸਲਾਂ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ।