ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਨਹੀਂ ਲਵਾਂਗੇ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਤਹਿਤ ਕਿਸੇ ਵੀ ਕਿਸਾਨ ਦੀ ਜ਼ਮੀਨ ਜ਼ਬਰਦਸਤੀ ਨਹੀਂ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਸਵੈ-ਇੱਛਾ ਨਾਲ ਕਿਸਾਨ ਦੀ ਮਰਜ਼ੀ ਅਨੁਸਾਰ ਹੀ ਜ਼ਮੀਨ ਹਾਸਲ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਮੁਹਾਲੀ ਵਿੱਚ ਚੱਲ ਰਹੀ ਪਹਿਲੀ ਲੈਂਡ ਪੂਲਿੰਗ ਨਾਲੋਂ ਵੀ ਮੌਜੂਦਾ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਵੱਧ ਲਾਭ ਦਿੱਤਾ ਹੈ।
ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਕਿਸਾਨ ਪੱਖੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਕਿਸਾਨਾਂ ਨੇ ਲੈਂਡ ਪੂਲਿੰਡ ਹਾਸਲ ਕਰਨ ਲਈ ਚਾਰ ਪੰਜ ਸਾਲ ਲਗਾਤਾਰ ਸੰਘਰਸ਼ ਕੀਤਾ ਸੀ ਜਿਸ ਮਗਰੋਂ ਇਹ ਨੀਤੀ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਪ੍ਰਤੀ ਏਕੜ ਠੇਕੇ ਤੋਂ ਇਲਾਵਾ ਇੱਕ ਸਾਲ ਦਾ ਗੁਜ਼ਾਰਾ ਭੱਤਾ ਜਦੋਂ ਤੱਕ ਜ਼ਮੀਨ ਵਿਕਸਿਤ ਨਹੀਂ ਹੁੰਦੀ ਉਦੋਂ ਤੱਕ ਕਿਸਾਨ ਨੂੰ ਖੇਤੀ ਕਰਨ ਦਾ ਅਧਿਕਾਰ ਅਤੇ ਮਹਿਜ਼ 21 ਦਿਨਾਂ ਵਿੱਚ ਐਲਓਆਈ ਦੇਣਾ ਸਰਕਾਰ ਦਾ ਇਤਿਹਾਸਕ ਕਦਮ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਸ਼ਹਿਰ ਲਈ 24 ਪਿੰਡਾਂ ਦੀ ਛੇ ਹਜ਼ਾਰ ਏਕੜ ਤੋਂ ਵੱਧ ਜ਼ਮੀਨ ਐਕੁਆਇਰ ਹੋਣੀ ਹੈ ਅਤੇ ਕਿਸੇ ਵੀ ਕਿਸਾਨ ਦੀ ਜ਼ਮੀਨ ਕਿਸੇ ਦਬਾਅ ਜਾਂ ਜ਼ਬਰਦਸਤੀ ਪ੍ਰਾਪਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਕਿਸਾਨ ਆਪਣੀ ਪੰਜ ਏਕੜ ਜ਼ਮੀਨ ਵਿੱਚ ਦੋ ਏਕੜ ਜ਼ਮੀਨ ਲੈਂਡ ਪੂਲਿੰਗ ਲਈ ਦੇਣਾ ਚਾਹੇਗਾ ਤਾਂ ਸਿਰਫ਼ ਉਹੀ ਜ਼ਮੀਨ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਪਾਰਦਰਸ਼ੀ, ਭਾਗੀਦਾਰੀ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਮਾਡਲ ਨੂੰ ਸਮਝਣ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਇਹ ਨੀਤੀ ਸਹਿਮਤੀ ਵਿੱਚ ਜੜ੍ਹੀ ਹੋਈ ਹੈ, ਮਜਬੂਰੀ ਵਿੱਚ ਨਹੀਂ।