‘ਪੰਜਾਬ ਦੇ ਇੱਕ ਵੀ ਪਰਿਵਾਰ ਦਾ ਰਾਸ਼ਨ ਕਾਰਡ ਨਹੀਂ ਕੱਟਣ ਦਿਆਂਗੇ’
ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਐਲਾਨ ਕੀਤਾ ਕਿ ਪੰਜਾਬ ਦੀ ਸਰਕਾਰ ਕੇਂਦਰ ਨੂੰ ਕਿਸੇ ਵੀ ਕੀਮਤ ਉੱਤੇ ਪੰਜਾਬ ਦੇ 55 ਲੱਖ ਲੋੜਵੰਦਾਂ ਦਾ ਰਾਸ਼ਨ ਬੰਦ ਨਹੀਂ ਕਰਨ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਇਸ ਲਈ ਕਾਨੂੰਨੀ ਲੜਾਈ ਵੀ ਲੜੇਗੀ ਅਤੇ ਜੇਕਰ ਲੋੜ ਪਈ ਤਾਂ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਦਿੱਲੀ ਵਿਚ ਧਰਨਾ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਦੋਵਾਂ ਵਿਧਾਇਕਾਂ ਨੇ ਕਿਹਾ ਕਿ ਪਹਿਲਾਂ ਈਕੇਵਾਈਸੀ ਦੇ ਨਾਮ ’ਤੇ 23 ਲੱਖ ਲੋਕਾਂ ਦਾ ਰਾਸ਼ਨ ਬੰਦ ਕਰ ਦਿੱਤਾ ਗਿਆ ਅਤੇ ਹੁਣ ਸਤੰਬਰ ਤੋਂ ਕਾਰ, ਘਰ ਅਤੇ ਮਾਮੂਲੀ ਜ਼ਮੀਨ ਵਾਲੇ 32 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨ ਲਈ ਆਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਰਾਸ਼ਨ ਲੈਣ ਵਾਲੇ ਸਾਰੇ ਲੋੜਵੰਦ ਹਨ ਅਤੇ ਕੇਂਦਰ ਨੂੰ ਇਹ ਰਾਸ਼ਨ ਬੰਦ ਕਰਕੇ ਪੰਜਾਬ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਦੋਹਾਂ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1 ਕਰੋੜ 53 ਲੱਖ ਲਾਭਪਾਤਰੀਆਂ ਵਿੱਚੋਂ 1 ਕਰੋੜ 23 ਲੱਖ ਖਪਤਕਾਰਾਂ ਦੀ ਪਹਿਲਾਂ ਹੀ ਈਕੇਵਾਈਸੀ ਕਰਵਾ ਚੁੱਕੀ ਹੈ ਅਤੇ ਰਹਿੰਦੇ ਲਾਭਪਾਤਰੀਆਂ ਦੀ ਈਕੇਵਾਈਸੀ ਕਰਾਉਣ ਲਈ ਕੇਂਦਰ ਤੋਂ ਛੇ ਮਹੀਨੇ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਪੰਜਾਬ ਪ੍ਰਤੀ ਮਨਸੂਬੇ ਠੀਕ ਨਹੀਂ ਹਨ ਅਤੇ ਪੰਜਾਬ ਨਾਲ ਹਰ ਮਾਮਲੇ ਵਿੱਚ ਧੱਕਾ ਕੀਤਾ ਜਾਂਦਾ ਹੈ, ਜਦੋਂ ਕਿ ਪੰਜਾਬ ਦੇ ਕਿਸਾਨਾਂ ਅਤੇ ਜਵਾਨਾਂ ਨੇ ਹਮੇਸ਼ਾ ਹਰ ਖੇਤਰ ਵਿਚ ਦੇਸ਼ ਦੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਪਹਿਲਾਂ ਵੋਟ ਚੋਰੀ ਕਰਨ ਤੋਂ ਬਾਅਦ ਹੁਣ ਰਾਸ਼ਨ ਚੋਰੀ ਕਰਨ ਦੀ ਕੇਂਦਰ ਦੀ ਕਿਸੇ ਵੀ ਯੋਜਨਾ ਨੂੰ ਪੰਜਾਬ ਵਿਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।