ਸ਼ਹੀਦੀ ਸਮਾਗਮਾਂ ਲਈ ਵਿਸ਼ੇਸ਼ ਪ੍ਰਬੰਧ ਕਰਾਂਗੇ: ਬਲਬੀਰ ਸਿੰਘ
ਸ੍ਰੀ ਅਾਨੰਦਪੁਰ ਸਾਹਿਬ ਤੇ ਜ਼ਿਲ੍ਹਾ ਹਸਪਤਾਲ ’ਚ ਕ੍ਰਿਟੀਕਲ ਕੇਅਰ ਯੂਨਿਟ ਬਣਾਉਣ ਦਾ ਐਲਾਨ
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਸਬੰਧੀ ਸਮਾਗਮ ਦੌਰਾਨ ਪੁੱਜਣ ਵਾਲੀ ਸੰਗਤ ਲਈ ਸਿਹਤ ਵਿਭਾਗ ਵੱਲੋਂ 24 ਘੰਟੇ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ 350 ਸਾਲਾ ਸਮਾਗਮਾਂ ਸਾਰੇ ਪੁਖਤਾ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਲਈ ਆਨੰਦਪੁਰ ਸਾਹਿਬ ਤੇ ਜ਼ਿਲ੍ਹਾ ਹਸਪਤਾਲ ਰੂਪਨਗਰ ਵਿੱਚ ਕ੍ਰਿਟੀਕਲ ਕੇਅਰ ਯੂਨਿਟ ਸਥਾਪਿਤ ਕੀਤਾ ਜਾਵੇਗਾ ਤੇ 51 ਮੈਡੀਕਲ ਅਫ਼ਸਰਾਂ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਗਤਾਂ ਦੀ ਸਹੂਲਤ ਦੇ ਲਈ 17 ਆਰਜ਼ੀ ਕਲੀਨਿਕ ਬਣਾਏ ਜਾਣਗੇ। ਸਿਹਤ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਰੋਪੜ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਹਸਪਤਾਲ ਵਿੱਚ ਮੈਡੀਕਲ ਕਾਲਜ ਦੀਆਂ ਟੀਮਾਂ 24 ਘੰਟੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੀਆਂ। ਇਸ ਦੇ ਨਾਲ ਹੀ ਕੀਰਤਪੁਰ ਸਾਹਿਬ ਦੇ ਹਸਪਤਾਲ ਦੀ ਇਮਾਰਤ ਦਾ ਕਾਰਜ ਵੀ ਬਹੁਤ ਜਲਦ ਪੂਰਾ ਹੋ ਰਿਹਾ ਹੈ, ਉਸ ਹਸਪਤਾਲ ਨੂੰ ਵੀ ਅਪਗਰੇਡ ਕਰ ਕੇ 24 ਘੰਟੇ ਖੁੱਲ੍ਹਿਆ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਵਾਲੇ ਰੂਟ ਉੱਤੇ ਜਿੰਨੇ ਵੀ ਸੇਵਾ ਕੇਂਦਰ ਹਨ, ਉਨ੍ਹਾਂ ਨੂੰ ਵੀ ਸੰਗਤ ਦੀ ਸਹੂਲਤ ਦੇ ਲਈ 24 ਘੰਟੇ ਖੁੱਲ੍ਹਾ ਰੱਖਿਆ ਜਾਵੇਗਾ ਤੇ 22 ਐਂਬੂਲੈਂਸਾਂ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਗੁਰੂ ਤੇਗ਼ ਬਹਾਦਰ ਦੇ ਸ਼ਹੀਦੀ ਪੁਰਬ ਸਮਾਗਮਾਂ ਨੂੰ ਸਮਰਪਿਤ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਸੈਸ਼ਨ ਰਾਜਧਾਨੀ ਤੋਂ ਬਾਹਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੱਦਿਆ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਏ ਡੀ ਸੀ (ਜ) ਪੂਜਾ ਸਿਆਲ ਗਰੇਵਾਲ, ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਹਾਜ਼ਰ ਸਨ।