ਸ੍ਰੀ ਆਨੰਦਪੁਰ ਸਾਹਿਬ ਨੂੰ ਸਿੱਖਿਆ ਦੇ ਹੱਬ ਵਜੋਂ ਵਿਕਸਿਤ ਕਰਾਂਗੇ: ਬੈਂਸ
ਗੁਰੂ ਨਗਰੀ ਦੇ ਵਿਕਾਸ ਲਈ ਹਰ ਸੰਭਵ ਯਤਨ ਦਾ ਭਰੋਸਾ
ਭਾਈ ਜੈਤਾ, ਭਾਈ ਜੀਵਨ ਸਿੰਘ ਦੇ ਅਸਥਾਨ ਗੁਰਦੁਆਰਾ ਤਪ ਅਸਥਾਨ ਵਿਖੇ ਨਤਮਸਤਕ ਹੋਣ ਪੁੱਜੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਨੂੰ ਸਰਕਾਰ ਵੱਲੋਂ ਸਿੱਖਿਆ ਦੇ ਹੱਬ ਵੱਜੋ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਤੇ ਸਮਾਜ ਸੇਵੀ ਐੱਸ.ਪੀ ਸਿੰਘ ਉਬਰਾਏ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਯੂਨੀਵਰਸਿਟੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਮੁੱਖ ਮੰਤਰੀ ਵੱਲੋਂ ਹਰ ਸੰਭਵ ਯਤਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਮੌਕੇ ਸਰਕਾਰ ਵੱਲੋਂ ਪੂਰੇ ਨਵੰਬਰ ਮਹੀਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ।
ਬੈਂਸ ਨੇ ਕਿਹਾ ਕਿ ਇਨ੍ਹਾਂ ਸਮਾਗਮ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਇੱਥੇ ਬੁਲਾਇਆ ਜਾ ਰਿਹਾ ਹੈ, ਵੱਖ ਵੱਖ ਸਥਾਨਾਂ ਤੋਂ ਨਗਰ ਕੀਰਤਨ ਸਜਾਏ ਜਾ ਰਹੇ ਹਨ, ਡਰੋਨ ਸ਼ੋਅ ਸਣੇ ਅਨੇਕਾਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਬਾਰੇ ਸਾਰੇ ਪੱਖਾਂ ਨੂੰ ਵਿਚਾਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਫ਼ੈਸਲਾ ਲੈਣਗੇ। ਇਸ ਮੌਕੇ ਭਾਈ ਜੈਤਾ, ਭਾਈ ਜੀਵਨ ਸਿੰਘ ਦੀ ਅੰਸ਼-ਵੰਸ਼ ’ਚੋਂ ਬਾਬਾ ਤੀਰਥ ਸਿੰਘ ਨੇ ਮੰਤਰੀ ਬੈਂਸ ਦਾ ਸਨਮਾਨ ਕੀਤਾ। ਇਸ ਮੌਕੇ ਬਾਬਾ ਜਰਨੈਲ ਸਿੰਘ ਕਾਰ ਸੇਵਾ ਵਾਲੇ, ਗੁਰਅਵਤਾਰ ਸਿੰਘ ਚੰਨ, ਅਨੁਰਤ ਸ਼ਰਮਾ ਅਤੇ ਸ਼ਮੀ ਬਰਾਰੀ ਹਾਜ਼ਰ ਸਨ।