ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਨਿਗਮ ਦੇ ਦਫ਼ਤਰ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਮਟੌਰ ਦੇ ਪ੍ਰਧਾਨ ਗੁਰਤੇਜ ਸਿੰਘ ਦੀ ਅਗਵਾਈ ਹੇਠਲੇ ਵਫ਼ਦ ਨੇ ਮੁਲਾਕਾਤ ਕੀਤੀ। ਉਨ੍ਹਾਂ ਪਿੰਡ ਮਟੌਰ ਦੀ ਧਰਮਸ਼ਾਲਾ ਦਾ ਰੁਕਿਆ ਪਿਆ ਕੰਮ ਪੂਰਾ ਕਰਾਉਣ ਲਈ ਮੇਅਰ ਨੂੰ ਮੰਗ ਪੱਤਰ ਸੌਂਪਿਆ।
ਮੇਅਰ ਨੇ ਮੌਕੇ ’ਤੇ ਅਧਿਕਾਰੀਆਂ ਨੂੰ ਬੁਲਾ ਕੇ ਧਰਮਸ਼ਾਲਾ ਦਾ ਕੰਮ ਤੁਰੰਤ ਮੁਕੰਮਲ ਕਰਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ਦਾ ਟੈਂਡਰ ਹੋ ਚੁੱਕਾ ਹੈ ਅਤੇ ਲੱਗਭੱਗ 17 ਲੱਖ ਦੀ ਲਾਗਤ ਨਾਲ ਇਸ ਦਾ ਕੰਮ ਪੂਰਾ ਕਰਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਵਫ਼ਦ ਵੱਲੋਂ ਮਟੌਰ ਪਿੰਡ ਦੀਆਂ ਰੱਖੀਆਂ ਗਈਆਂ ਹੋਰ ਮੰਗਾਂ ਨੂੰ ਵੀ ਜਲਦੀ ਪੂਰਾ ਕਰਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਲੱਬ ਵੱਲੋਂ ਪਿੰਡ ਦੇ ਵਿਕਾਸ ਲਈ ਪਾਏ ਜਾ ਰਹੇ ਯੋਗਦਾਨ ਦੀ ਸਰਾਹਨਾ ਕੀਤੀ। ਇਸ ਮੌਕੇ ਸੰਸਥਾ ਦੇ ਅਹੁਦੇਦਾਰ ਬਲਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਰਵੀ ਅਰੋੜਾ, ਪਰਮਜੀਤ ਸਿੰਘ, ਜਗਜੀਤ ਸਿੰਘ ਤੇ ਹੋਰ ਮੈਂਬਰ ਵੀ ਹਾਜ਼ਰ ਸਨ।
ਵਿਧਾਇਕ ਦੇ ਦਫ਼ਤਰ ਪਹੁੰਚਾਈ ਵਿਕਾਸ ਕੰਮਾਂ ਦੀ ਪ੍ਰਾਜੈਕਟ ਰਿਪੋਰਟ
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਆਪਣੇ ਨੁਮਾਇੰਦੇ ਰਾਹੀਂ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਵਿੱਚ ਮੁਹਾਲੀ ਦੇ ਵਿਕਾਸ ਲਈ ਉਲੀਕੇ ਪੰਦਰਾਂ ਪ੍ਰਾਜੈਕਟਾਂ ਦੀ ਰਿਪੋਰਟ ਪਹੁੰਚਾਈ। ਇਨ੍ਹਾਂ ਕੰਮਾਂ ਲਈ ਮੇਅਰ ਵੱਲੋਂ ਮੁੱਖ ਮੰਤਰੀ ਕੋਲੋਂ 600 ਕਰੋੜ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਵਿਧਾਇਕ ਨੂੰ ਮੁੱਖ ਮੰਤਰੀ ਕੋਲੋਂ ਜਲਦੀ ਸਮਾਂ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਖ਼ੁਦ ਸਾਰੇ ਕੌਂਸਲਰਾਂ ਸਣੇ ਵਿਧਾਇਕ ਦੇ ਨਾਲ ਮੁੱਖ ਮੰਤਰੀ ਨੂੰ ਮਿਲਣ ਜਾਣ ਲਈ ਤਿਆਰ ਹਨ।