ਵੇਵ ਅਸਟੇਟ ਸੈਕਟਰ 85 ਦੇ ਵਸਨੀਕਾਂ ਨੇ ਪਾਣੀ ਦੇ ਨਿਕਾਸੀ ਪ੍ਰਬੰਧ ਅਤੇ ਸੈਕਟਰ ਦੇ ਕਈਂ ਬਲਾਕਾਂ ਵਿਚ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਵਿਰੋਧ ਵਿਚ ਵੇਵ ਅਸਟੇਟ ਮੈਨੇਜਮੈਂਟ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨਾਅਰੇਬਾਜ਼ੀ ਵੀ ਕੀਤੀ। ਰੋਸ ਮੁਜ਼ਾਹਰੇ ਦੀ ਅਗਵਾਈ ਵੇਵ ਅਸਟੇਟ ਦੇ ਮੁੱਢਲੇ ਵਸਨੀਕ ਅਤੇ ਪੰਜਾਬ ਪ੍ਰੋਗਰੈਸਿਵ ਫਰੰਟ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਨੇ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੇਵ ਅਸਟੇਟ ਦੇ ਬਲਾਕ ਏ ਦੇ ਵਸਨੀਕ ਪੰਜ-ਛੇ ਸਾਲਾਂ ਤੋਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਸੜਕਾਂ ’ਤੇ ਪਾਣੀ ਭਰ ਜਾਂਦਾ ਹੈ, ਕਿਉਂਕਿ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਦਾ ਮੰਦਾ ਹਾਲ ਹੈ ਅਤੇ ਸੀਵਰੇਜ ਲਾਈਨਾਂ ਦੀ ਸਫ਼ਾਈ ਵੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਵੇਵ ਅਸਟੇਟ ਦੀ ਦਿੱਲੀ ਸਥਿਤ ਮੈਨੇਜਮੈਂਟ, ਗਮਾਡਾ ਅਤੇ ਨਗਰ ਨਿਗਮ ਕੋਲ ਵੀ ਸ਼ਿਕਾਇਤ ਭੇਜੀ ਜਾਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਪਲਾਟਾਂ ਦੀ ਖਰੀਦ ਸਮੇਂ ਕਲੱਬ ਹਾਊਸ ਦੀ ਸਹੂਲਤ ਦੇ ਵਾਅਦੇ ਦੇ ਬਾਵਜੂਦ ਕਿਸੇ ਨੂੰ ਵੀ ਕਲੱਬ ਵਿਚ ਨਹੀਂ ਵੜ੍ਹਨ ਦਿੱਤਾ ਜਾਂਦਾ।
ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ: ਬੁਲਾਰਾ
ਮੈਨੇਜਮੈਂਟ ਦੇ ਬੁਲਾਰੇ ਭਜਨਦੀਪ ਸਿੰਘ ਨੇ ਦੱਸਿਆ ਕਿ ਸਬੰਧਿਤ ਸੈਕਟਰ ਵਿੱਚ ਵਸਨੀਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਨਵਾਂ ਕਲੱਬ ਬਣ ਰਿਹਾ ਹੈ, ਜਲਦੀ ਹੀ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਹੈ ਅਤੇ ਜ਼ਿਆਦਾ ਮੀਂਹ ਕਾਰਨ ਕਈ ਵਾਰ ਦਿੱਕਤ ਆ ਜਾਂਦੀ ਹੈ ਤੇ ਬਾਰਿਸ਼ ਹਟਦਿਆਂ ਹੀ ਪਾਣੀ ਦਾ ਨਿਕਾਸ ਹੋ ਜਾਂਦਾ ਹੈ।