ਇੱਥੇ ਅੱਜ ਦੁਪਹਿਰੇ ਇੱਕ ਤੋਂ ਚਾਰ ਵਜੇ ਤੱਕ ਭਾਰੀ ਮੀਂਹ ਪਿਆ। ਤੇਜ਼ ਰਫ਼ਤਾਰ ਮੀਂਹ ਕਾਰਨ ਲਾਂਡਰਾਂ ਤੋਂ ਬਨੂੜ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਸਨੇਟਾ ਨੇੜਿਉਂ ਲੰਘਦੀ ਰੇਲਵੇ ਲਾਈਨ ਦੇ ਪੁਲ ਹੇਠ ਮੀਂਹ ਦਾ ਪਾਣੀ ਇਕੱਠਾ ਹੋ ਗਿਆ। ਇਸ ਮੌਕੇ ਵਾਹਨ ਚਾਲਕਾਂ ਵੱਲੋਂ ਕਈ-ਕਈ ਲਾਈਨਾਂ ਬਣਾ ਲਈਆਂ ਗਈਆਂ ਜਿਸ ਕਾਰਨ ਲੰਬਾ ਜਾਮ ਲੱਗ ਗਿਆ ਤੇ ਲੋਕਾਂ ਨੂੰ ਆਪਣੀ ਮੰਜ਼ਿਲ ਤਕ ਪੁੱਜਣ ਲਈ ਕਈ ਕਈ ਘੰਟੇ ਇੰਤਜ਼ਾਰ ਕਰਨਾ ਪਿਆ। ਵਾਹਨ ਚਾਲਕਾਂ ਨੂੰ ਸਨੇਟੇ ਨੇੜਲਾ ਇੱਕ ਕਿਲੋਮੀਟਰ ਦਾ ਰਸਤਾ ਤੈਅ ਕਰਨ ਲਈ ਅੱਧੇ ਘੰਟੇ ਤੋਂ ਵੱਧ ਸਮਾਂ ਲੱਗਿਆ। ਕਈ ਰਾਹਗੀਰਾਂ ਨੇ ਦੱਸਿਆ ਕਿ ਸਨੇਟਾ ਪੁਲ ਤੋਂ ਦੋਵੇਂ ਪਾਸੇ ਇੱਕ-ਇੱਕ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਲੋਕਾਂ ਨੇ ਦੱਸਿਆ ਕਿ ਪੁਲ ਦੇ ਦੋਵੇਂ ਪਾਸੇ ਵਾਹਨ ਚਾਲਕਾਂ ਵੱਲੋਂ ਬਣਾਈਆਂ ਤਿੰਨ-ਤਿੰਨ ਲਾਈਨਾਂ ਕਾਰਨ ਇੱਥੇ ਹਰ ਮੀਂਹ ਵਾਲੇ ਦਿਨ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ। ਰਾਹਗੀਰਾਂ ਨੇ ਕਿਹਾ ਕਿ ਇੱਥੇ ਤਾਇਨਾਤ ਟ੍ਰੈਫ਼ਿਕ ਪੁਲੀਸ ਨੂੰ ਇੱਕ ਤੋਂ ਵੱਧ ਲਾਈਨਾਂ ਬਣਾਏ ਜਾਣ ਤੋਂ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਮੁਸ਼ਕਿਲ ਨਾ ਆਵੇ ਅਤੇ ਆਵਾਜਾਈ ਸੁਚਾਰੂ ਰੂਪ ਵਿਚ ਚੱਲਦੀ ਰਹੇ।
ਇਸੇ ਦੌਰਾਨ ਅੱਜ ਹੋਈ ਭਰਵੀਂ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ। ਕਿਸਾਨਾਂ ਨੇ ਦੱਸਿਆ ਕਿ ਇਹ ਮੀਂਹ ਝੋਨੇ ਦੀ ਫ਼ਸਲ ਲਈ ਬਹੁਤ ਚੰਗਾ ਹੈ। ਉਨ੍ਹਾਂ ਕਿਹਾ ਕਿ ਮੱਕੀ, ਚਾਰੇ ਅਤੇ ਹੋਰ ਫ਼ਸਲਾਂ ਲਈ ਵੀ ਮੀਂਹ ਲਾਹੇਵੰਦ ਹੈ ਪਰ ਸਬਜ਼ੀਆਂ ਲਈ ਮੀਂਹ ਹਾਨੀਕਾਰਕ ਹੈ। ਇਸੇ ਦੌਰਾਨ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਝੋਨੇ ਦੀ ਫ਼ਸਲ ਨਿੱਸਰਨ ਕਿਨਾਰੇ ਹੈ, ਇਸ ਕਰਕੇ ਉਸ ਵਿਚ ਪਾਣੀ ਨਾ ਖੜ੍ਹਨ ਦਿੱਤਾ ਜਾਵੇ।