ਘੱਗਰ ਦਰਿਆ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਟੱਪਿਆ
ਬਨੂੜ ਖੇਤਰ ਵਿੱਚੋਂ ਲੰਘਦੇ ਘੱਗਰ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਤਿੰਨ ਫੁੱਟ ਉੱਪਰ ਰਹਿ ਰਿਹਾ ਹੈ। ਜਾਣਕਾਰੀ ਅਨੁਸਾਰ ਘੱਗਰ ਵਿੱਚ ਪਾਣੀ ਦਾ ਪੱਧਰ ਸਵੇਰੇ ਤਿੰਨ ਵਜੇ ਵਧਣਾ ਸ਼ੁਰੂ ਹੋਇਆ ਅਤੇ 8 ਵਜੇ ਤੱਕ ਇਸ ਦਾ ਪੱਧਰ ਸਾਢੇ 11 ਫੁੱਟ ਦੀ ਉੱਚਾਈ ਤੱਕ ਪਹੁੰਚ ਗਿਆ ਸੀ। ਘੱਗਰ ਦਾ ਖਤਰੇ ਦਾ ਨਿਸ਼ਾਨ 8 ਫੁੱਟ ਤੋਂ ਆਰੰਭ ਹੁੰਦਾ ਹੈ। ਸਵੇਰੇ ਨੌਂ ਵਜੇ ਤੋਂ ਅੱਧਾ ਫੁੱਟ ਪਾਣੀ ਘਟਣ ਨਾਲ ਲੋਕਾਂ ਨੇ ਕੁਝ ਸੁੱਖ ਦਾ ਸਾਹ ਜ਼ਰੂਰ ਲਿਆ ਹੈ ਪਰ ਹਾਲੇ ਵੀ ਇਹ ਪਾਣੀ ਖਤਰੇ ਦੇ ਨਿਸ਼ਾਨ ਤੋਂ ਤਿੰਨ ਫੁੱਟ ਉੱਪਰ ਵਹਿ ਰਿਹਾ ਹੈ।
ਸਵੇਰੇ 8:00 ਵਜੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 70,000 ਕਿਊਸਿਕ ਨੂੰ ਪਾਰ ਕਰ ਗਿਆ ਹੈ। ਮੁਹਾਲੀ ਪ੍ਰਸ਼ਾਸਨ ਵੱਲੋਂ ਘੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਮੀਂਹ ਵਧਣ ਅਤੇ ਸੁਖਨਾ ਗੇਟ ਖੋਲ੍ਹਣ ਕਾਰਨ, ਡੇਰਾਬੱਸੀ ਸਬ-ਡਿਵੀਜ਼ਨ ਦੇ ਕੰਢਿਆਂ ’ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਘੱਗਰ ਤੋਂ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਵਿਚ ਟਿਵਾਣਾ, ਖਜੂਰ ਮੰਡੀ, ਸਾਧਾਂਪੁਰ, ਸਰਸੀਨੀ, ਆਲਮਗੀਰ, ਡੰਗਢੇਰਾ, ਮੁਬਾਰਿਕਪੁਰ, ਮੀਰਪੁਰ ਤੇ ਬਾਕਰਪੁਰ ਸ਼ਾਮਲ ਹਨ। ਡੀ ਸੀ ਦਫ਼ਤਰ ਕੰਟਰੋਲ ਰੂਮ: 0172-2219506, ਮੋਬਾਈਲ: 76580-51209 ਤੇ ਉਪ ਮੰਡਲ ਡੇਰਾਬੱਸੀ: 01762-283224