ਘੱਗਰ ’ਚ ਪਾਣੀ ਦਾ ਪੱਧਰ ਵਧਿਆ
ਪਹਾੜਾਂ ਵਿੱਚ ਲਗਾਤਾਰ ਮੀਂਹ ਅਤੇ ਪੰਚਕੂਲਾ ਵਿੱਚ ਮੀਂਹ ਕਾਰਨ ਘੱਗਰ ਅਤੇ ਹੋਰ ਨਦੀਆਂ ਅਤੇ ਮੀਂਹ ਦੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਸ ਕਾਰਨ ਮੈਦਾਨੀ ਇਲਾਕੇ ਦੇ ਲੋਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ। ਮੀਂਹ ਦਾ ਪਾਣੀ ਇੰਨਾ ਜ਼ਿਆਦਾ ਹੋ ਗਿਆ ਕਿ ਘੱਗਰ ਨਦੀ ਦੀ ਸਥਿਤੀ ਹੜ੍ਹ ਵਰਗੀ ਹੋ ਗਈ। ਕੌਸ਼ੱਲਿਆ ਡੈਮ ਦੇ ਵਾਰ ਵਾਰ ਫਾਟਕ ਖੋਲ੍ਹਣ ਕਾਰਨ ਪਿੰਜੌਰ ਅਤੇ ਪੰਚਕੂਲਾ ਵਿੱਚ ਹੜ੍ਹ ਦੀ ਸਥਿਤੀ ਬਣ ਗਈ। ਦੂਜੇ ਪਾਸੇ ਕੌਸ਼ੱਲਿਆ ਨਦੀ ਦੇ ਡੈਮ ਦੇ ਆਸ ਪਾਸ ਦੇ ਇਲਾਕੇ ਦੇ ਲੋਕੀ ਆਪਣਾ ਸਾਮਾਨ ਚੱਕ ਕੇ ਸੜਕ ਕਿਨਾਰੇ ਆ ਗਏ ਤਾਂ ਕਿ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਜਾਨ ਮਾਲ ਦਾ ਨੁਕਸਾਨ ਨਾ ਹੋਵੇ। ਮੀਂਹ ਕਾਰਨ ਪੰਚਕੂਲਾ ਵਿੱਚ ਕਈ ਥਾਵਾਂ ‘ਤੇ ਪਾਣੀ ਭਰ ਗਿਆ, ਪੰਚਕੂਲਾ ਦੇ ਐਮਡੀਸੀ ਖੇਤਰ ਵਿੱਚ ਅੰਡਰਪਾਸ ਸਵੀਮਿੰਗ ਪੂਲ ਬਣ ਗਏ ਅਤੇ ਜਿਸ ਵਿੱਚ ਬੱਚੇ ਨਹਾਉਂਦੇ ਨਜ਼ਰ ਆਏ। ਅੰਡਰਪਾਸ ਵਿੱਚ ਪਾਣੀ ਭਰਨ ਦੀ ਵੀਡੀਓ ਵਾਇਰਲ ਹੋਈ।
ਮੀਂਹ ਕਾਰਨ ਨਿਊ ਚੰਡੀਗੜ੍ਹ ਦੀਆਂ ਸੜਕਾਂ ਪਾਣੀ-ਪਾਣੀ ਹੋਈਆਂ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਅੱਜ ਦੁਪਹਿਰ ਵੇਲੇ ਭਰਵਾਂ ਮੀਂਹ ਪਿਆ ਜਿਸ ਕਰਕੇ ਪਿੰਡ ਸਿੱਸਵਾਂ, ਮੁੱਲਾਂਪੁਰ ਗਰੀਬਦਾਸ, ਜੈਂਤੀ ਮਾਜਰੀ, ਗੁੜਾ-ਕਸੌਲੀ, ਪੜੌਲ, ਪਟਿਆਲਾ ਦੀ ਰਾਉ ਨਵਾਂ ਗਰਾਉਂ ਨਾਲ ਜੁੜਦੀਆਂ ਨਦੀਆਂ, ਨਾਲਿਆਂ ਵਿੱਚ ਪਹਾੜੀ ਖੇਤਰ ਵਿੱਚੋਂ ਬਹੁਤ ਪਾਣੀ ਆਇਆ ਜਿਸ ਕਾਰਨ ਨਾਲਿਆਂ ਵਿੱਚ ਲਗਾਏ ਹੋਏ ਕਬਜ਼ੇ ਵਾਲੇ ਪਿੱਲਰ ਹੜ੍ਹ ਗਏ। ਸਿੰਘਾ ਦੇਵੀ ਕਲੋਨੀ ਨੂੰ ਜੋੜਦੇ ਅਧੂਰੇ ਪਏ ਪੁਲ ਦੇ ਇੱਕ ਪਾਸੇ ਪਾਈ ਹੋਈ ਮਿੱਟੀ ਖੁਰਨ ਕਰ ਕੇ ਰਸਤਾ ਬੰਦ ਹੋ ਗਿਆ। ਸਿੱਸਵਾਂ ਡੈਮ ਵਿੱਚੋਂ ਛੱਡੇ ਜਾ ਰਹੇ ਪਾਣੀ ਅਤੇ ਬਰਸਾਤੀ ਪਾਣੀ ਕਾਰਨ ਪੜੌਲ ਦੇ ਪੁਰਾਣੇ ਪੁਲ ਦੇ ਚੜ੍ਹਦੇ ਵਾਲੇ ਪਾਸੇ ਗੁੱਜਰ ਭਾਈਚਾਰੇ ਵੱਲੋਂ ਆਪਣੇ ਪਸ਼ੂਆਂ ਵਾਸਤੇ ਪਾਈ ਹੋਈ ਝੁੱਗੀ ਵੀ ਪਾਣੀ ਵਿਚ ਡੁੱਬ ਗਈ।