ਆਸਪੁਰ ਦੀ ਆਬਾਦੀ ਤਕ ਪੁੱਜਾ ਸਰਸਾ ਨਦੀ ਦਾ ਪਾਣੀ
ਜਗਮੋਹਨ ਸਿੰਘ
ਘਨੌਲੀ, 29 ਜੂਨ
ਘਨੌਲੀ ਨੇੜਲੇ ਇਲਾਕਿਆਂ ਅੰਦਰ ਬੀਤੀ ਰਾਤ ਤੋਂ ਹੋ ਰਹੀ ਬਰਸਾਤ ਕਾਰਨ ਸਿਰਸਾ ਨਦੀ ਵਿੱਚ ਆਏ ਹੜ੍ਹ ਦਾ ਪਾਣੀ ਅੱਜ ਪਿੰਡ ਆਸਪੁਰ ਦੇ ਲੋਕਾਂ ਦੇ ਘਰਾਂ ਤੱਕ ਪੁੱਜਣ ਗਿਆ ਹੈ। ਇਸ ਦੌਰਾਨ ਨੇੜਲੇ ਪਿੰਡ ਕੋਟਬਾਲਾ ਦੇ ਦੋ ਕਿਸਾਨ ਵੀ ਖੇਤਾਂ ਵਿੱਚ ਵਿਛਾਏ ਪਾਈਪਾਂ ਦੀ ਸੰਭਾਲ ਕਰਦੇ ਸਮੇਂ ਹੜ੍ਹ ਦੇ ਪਾਣੀ ਵਿੱਚ ਘਿਰ ਗਏ। ਉਨ੍ਹਾਂ ਨੂੰ ਪਿੰਡ ਵਾਸੀਆਂ ਨੇ ਮੁਸ਼ਕਿਲ ਨਾਲ ਬਚਾਇਆ।
ਪਿੰਡ ਦੇ ਸਰਪੰਚ ਮੋਹਣ ਲਾਲ, ਸਾਬਕਾ ਸਰਪੰਚ ਰਣਬੀਰ ਸਿੰਘ ਸੋਨੀ ਤੇ ਗੁਰਮੀਤ ਸਿੰਘ ਮੀਤਾ, ਨੰਬਰਦਾਰ ਬਚਿੱਤਰ ਸਿੰਘ ਆਦਿ ਨੇ ਦੱਸਿਆ ਕਿ ਅੱਜ ਸਵੇਰੇ ਹੋਈ ਭਾਰੀ ਬਾਰਸ਼ ਤੋਂ ਬਾਅਦ ਸਿਰਸਾ ਨਦੀ ਵਿੱਚ ਆਇਆ ਪਾਣੀ ਪਿੰਡ ਆਸਪੁਰ ਦੀ ਆਬਾਦੀ ਤੱਕ ਪੁੱਜ ਗਿਆ। ਉਨ੍ਹਾਂ ਦੱਸਿਆ ਕਿ ਪਿਛਲੀਆਂ ਬਰਸਾਤਾਂ ਦੌਰਾਨ ਸਿਰਸਾ ਨਦੀ ਦਾ ਤਲ ਕਾਫ਼ੀ ਉੱਚਾ ਹੋ ਗਿਆ ਸੀ ਤੇ ਪਾਣੀ ਦਾ ਰੁਖ਼ ਪਿੰਡ ਵੱਲ ਹੋ ਗਿਆ ਸੀ। ਨਦੀ ਵਾਲੇ ਪਾਸੇ ਪੈਂਦੀ ਜ਼ਮੀਨ ਵਿੱਚ ਆਸਪੁਰ ਤੋਂ ਇਲਾਵਾ ਕੋਟਬਾਲਾ, ਮਾਜਰੀ, ਤਰਫ ਤੇ ਅਵਾਨਕੋਟ ਦੇ ਲੋਕਾਂ ਵੱਲੋਂ ਬੀਜੀਆਂ ਫ਼ਸਲਾਂ ਵੀ ਬਰਬਾਦ ਹੋ ਗਈਆਂ ਸਨ। ਲੋਕਾਂ ਨੇ ਪ੍ਰਸ਼ਾਸਨ ਤੋਂ ਸ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਤੇ ਨਦੀ ਦੀ ਡੀਸਿਲਟਿੰਗ ਦੀ ਮੰਗ ਕੀਤੀ ਸੀ ਪਰ ਸਬੰਧਤ ਵਿਭਾਗ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਲੋਕਾਂ ਨੇ ਕਿਹਾ ਕਿ ਪਾਣੀ ਨੇ ਉਨ੍ਹਾਂ ਦੀਆਂ ਤਿੰਨ ਫ਼ਸਲਾਂ ਬਰਬਾਦ ਕਰ ਦਿੱਤੀਆਂ ਹਨ ਪਰ ਜੇ ਨਦੀ ਦਾ ਤਲ ਤੁਰੰਤ ਡੂੰਘਾ ਨਾ ਕੀਤਾ ਗਿਆ ਤਾਂ ਉਨ੍ਹਾਂ ਦੇ ਘਰਾਂ ਅਤੇ ਘਰੇਲੂ ਸਾਮਾਨ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਡੀਸਿਲਟਿੰਗ ਲਈ ਲਿਖਤੀ ਦਰਖ਼ਾਸਤ ਨਹੀਂ ਮਿਲੀ: ਐਕਸੀਅਨ
ਜਲ ਸਰੋਤ ਕਮ ਖਣਨ ਵਿਭਾਗ ਰੂਪਨਗਰ ਦੇ ਐਕਸੀਅਨ ਤੁਸ਼ਾਰ ਗੋਇਲ ਨੇ ਕਿਹਾ ਕਿ ਪਿੰਡ ਆਸਪੁਰ ਦੀ ਪੰਚਾਇਤ ਜਾਂ ਕਿਸੇ ਪਿੰਡ ਵਾਸੀ ਵੱਲੋਂ ਸਿਰਸਾ ਨਦੀ ਦੀ ਡੀਸਿਲਟਿੰਗ ਸਬੰਧੀ ਕੋਈ ਵੀ ਲਿਖਤੀ ਦਰਖ਼ਾਸਤ ਪ੍ਰਾਪਤ ਨਹੀਂ ਹੋਈ ਹੈ।