ਅੰਬਾਲਾ ਦੇ ਬਾਜ਼ਾਰਾਂ ਤੇ ਕਲੋਨੀਆਂ ’ਚ ਪਾਣੀ ਭਰਿਆ
ਸਰਬਜੀਤ ਸਿੰਘ ਭੱਟੀ
ਅੰਬਾਲਾ, 30 ਜੂਨ
ਇੱਥੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਸ਼ਹਿਰ ਦੀਆਂ ਕਈ ਕਲੋਨੀਆਂ ਅਤੇ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ ਹੈ। ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ।
ਮੀਂਹ ਦੇ ਬਾਅਦ ਸੈਕਟਰ-7, 8, 9, 10 ਦੀਆਂ ਸੜਕਾਂ ਪਾਣੀ ’ਚ ਡੁੱਬ ਗਈਆਂ। ਨਦੀ ਮੁਹੱਲਾ, ਨਾਹਨ ਹਾਊਸ, ਮਹੇਰਾ ਵਾਲਾ ਚੌਕ, ਪੁਰਾਣੀ ਘਾਹ ਮੰਡੀ, ਅਸ਼ੋਕ ਵਿਹਾਰ ਸਣੇ ਦਰਜਨਾਂ ਕਲੋਨੀਆਂ ’ਚ ਪਾਣੀ ਭਰ ਗਿਆ। ਇਸ ਤੋਂ ਇਲਾਵਾ ਹੋਲਸੇਲ ਕੱਪੜਾ ਮਾਰਕੀਟ ਦੇ ਵਪਾਰੀਆਂ ਨੇ ਦੱਸਿਆ ਕਿ ਪਾਣੀ ਦੁਕਾਨਾਂ ’ਚ ਦਾਖ਼ਲ ਹੋ ਗਿਆ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਥਾਪਰ ਮਾਰਕੀਟ, ਰਤਨਗੜ੍ਹ ਰੋਡ ਮਾਰਕੀਟ, ਸ਼ੁਕਲਕੁੰਡ ਰੋਡ, ਬਸਾਤੀਆਂ ਵਾਲੀ ਗਲੀ, ਜਗਾਧਰੀ ਗੇਟ, ਪੁਰਾਣਾ ਸਿਵਲ ਹਸਪਤਾਲ ਚੌਕ ਆਦਿ ਵੀ ਪਾਣੀ ਵਿਚ ਡੁੱਬੇ ਰਹੇ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨ ਹੋਰ ਭਾਰੀ ਮੀਂਹ ਦੀ ਸੰਭਾਵਨਾ ਹੈ।
ਨਗਰ ਨਿਗਮ ਦੀ ਮੇਅਰ ਸੈਲਜਾ ਸਚਦੇਵਾ ਨੇ ਕਿਹਾ ਕਿ ਨਿਗਮ ਵੱਲੋਂ ਬਰਸਾਤੀ ਪਾਣੀ ਲਈ ਪੰਪ ਤੇ ਨਿਕਾਸੀ ਲਈ ਠੋਸ ਪ੍ਰਬੰਧ ਕੀਤੇ ਗਏ ਹਨ। ਤਿੰਨ ਮਹੀਨਿਆਂ ਤੋਂ ਨਿਕਾਸੀ ਵਾਲੀਆਂ ਨਾਲੀਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ।