ਪਾਣੀ ਸੰਕਟ: ਬਜਟ ਪਾਸ ਹੋਣ ਦੇ ਬਾਵਜੂਦ ਲਟਕਿਆ ਪ੍ਰਾਜੈਕਟ, ਲੋਕਾਂ ’ਚ ਰੋਸ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 7 ਮਈ
ਸਿੱਖ ਧਰਮ ਵਿੱਚ ਖਾਸ ਮਹੱਤਤਾ ਰੱਖਣ ਵਾਲੇ ਇਤਿਹਾਸਕ ਨਗਰ ਸੋਹਾਣਾ ਦੇ ਵਸਨੀਕਾਂ ਨੂੰ ਲੋੜ ਅਨੁਸਾਰ ਪੀਣ ਦਾ ਪਾਣੀ ਨਹੀਂ ਮਿਲ ਰਿਹਾ। ਹਾਲਾਂਕਿ ਪਿੰਡ ਸੋਹਾਣਾ ਹੁਣ ਨਗਰ ਨਿਗਮ ਅਧੀਨ ਹੈ ਪਰ ਸਾਫ਼ ਅਤੇ ਨਹਿਰੀ ਪਾਣੀ ਸਪਲਾਈ ਦੀ ਚਿਰੌਕਣੀ ਮੰਗ ਹਾਲੇ ਵੀ ਅਧੂਰੀ ਹੈ। ਇਸ ਸਬੰਧੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਜਨਸਿਹਤ ਵਿਭਾਗ ਡਿਵੀਜ਼ਨ ਨੰਬਰ-3 ਦੇ ਐਕਸੀਅਨ ਨਾਲ ਮੁਲਾਕਾਤ ਕੀਤੀ ਅਤੇ ਸੋਹਾਣਾ ਨੂੰ ਨਹਿਰੀ ਪਾਣੀ ਸਪਲਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਐਸਸੀ ਸੈੱਲ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਅਤੇ ਦਿਹਾਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਸੋਹਾਣਾ ਵੀ ਹਾਜ਼ਰ ਸਨ। ਜਾਣਕਾਰੀ ਅਨੁਸਾਰ ਮਾਰਚ 2024 ਵਿੱਚ 55 ਲੱਖ ਰੁਪਏ ਦੀ ਲਾਗਤ ਨਾਲ ਯੋਜਨਾ ਤਿਆਰ ਕੀਤੀ ਗਈ ਸੀ, ਜਿਸ ਨੂੰ ਮਨਜ਼ੂਰੀ ਵੀ ਮਿਲ ਚੁੱਕੀ ਹੈ। ਇਸ ਮੁਤਾਬਕ ਪਿੰਡ ਸੋਹਾਣਾ ਨੂੰ ਸੈਕਟਰ-77 ਦੇ ਬੂਸਟਰ ਪੰਪ ਤੋਂ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਣੀ ਸੀ। ਕੁਲਜੀਤ ਬੇਦੀ ਨੇ ਕਿਹਾ ਕਿ ਹਾਲੇ ਤੱਕ ਪਾਈਪਲਾਈਨ ਨਾ ਪਾਏ ਜਾਣ ਕਾਰਨ ਪਿੰਡ ਵਾਸੀ ਟਿਊਬਵੈੱਲਾਂ ਦੇ ਪਾਣੀ ’ਤੇ ਨਿਰਭਰ ਹਨ।
ਪਾਣੀ ’ਚ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ: ਬੈਦਵਾਨ
ਅਕਾਲੀ ਦਲ ਦੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਨੇ ਕਿਹਾ ਕਿ ਗਮਾਡਾ ਅਤੇ ਨਗਰ ਨਿਗਮ ਵੱਲੋਂ ਸੋਹਾਣਾ ਦੇ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਲਗਾਤਾਰ ਢਿੱਲ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜੋ ਮਤਾ ਨਗਰ ਨਿਗਮ ਨੇ ਹਾਊਸ ਵਿੱਚ ਪਾਸ ਕੀਤਾ ਸੀ ਉਸ ਮੁਤਾਬਕ ਸੋਹਾਣਾ ਵਾਸੀਆਂ ਨੂੰ ਨਹਿਰੀ ਪਾਣੀ ਸਪਲਾਈ ਕੀਤਾ ਜਾਵੇ ਅਤੇ ਇਸ ਪ੍ਰਾਜੈਕਟ ਵਿੱਚ ਦੇਰੀ ਲਈ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰ ਤੈਅ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।