ਬਰਾਰੀ ਤੇ ਕੰਚੇੜਾ ਵਿੱਚ ਜਲ ਸੰਕਟ ਬਰਕਰਾਰ
ਬਲਵਿੰਦਰ ਰੈਤ
ਨੰਗਲ, 26 ਜੂਨ
ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ-13 ਦੇ ਪਿੰਡ ਬਰਾਰੀ ਅਤੇ ਕੰਚੇੜਾ ਵਿੱਚ ਲੱਗੇ ਜਲ ਘਰ ਦੀ ਮੋਟਰ ਖ਼ਰਾਬ ਹੋਣ ਕਾਰਨ ਲੋਕਾਂ ਨੂੰ 36 ਘੰਟਿਆਂ ਤੋਂ ਪਾਣੀ ਨਹੀਂ ਮਿਲਿਆ। ਪਿੰਡਾਂ ਵਿੱਚ ਲੋਕ ਪਾਣੀ ਲਈ ਜਲ ਕੇਂਦਰ ’ਤੇ ਹੀ ਨਿਰਭਰ ਹਨ। ਭਾਵੇਂ ਐੱਸਡੀਐੱਮ ਸਚਿਨ ਪਾਠਕ ਦੇ ਹੁਕਮਾਂ ਨਾਲ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਹਨ ਪਰ ਫਿਰ ਵੀ ਪਿੰਡਾਂ ਦੀ ਆਬਾਦੀ ਜ਼ਿਆਦਾ ਹੋਣ ਕਾਰਨ ਪਾਣੀ ਪੂਰਾ ਨਹੀਂ ਹੋ ਰਿਹਾ। ਸੀਵਰੇਜ ਬੋਰਡ ਵੱਲੋਂ ਅੱਜ ਮੋਟਰ ਫਿਟ ਕਰ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬੀ ਨਾ ਮਿਲੀ।
ਪਿੰਡ ਦੇ ਵਸਨੀਕ ਪ੍ਰੀਤਮ ਸਿੰਘ ਬਰਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ। ਲੋਕ ਪਿਆਸੇ ਹਨ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਘਾਟ ਤਾਂ ਹੈ ਹੀ ਰੋਜ਼ ਦੀਆਂ ਹੋਰਨਾਂ ਲੋੜਾਂ ਲਈ ਢੁੱਕਵੀਂ ਮਾਤਰਾ ਵਿੱਚ ਪਾਣੀ ਨਾ ਮਿਲਣ ਕਾਰਨ ਗੰਦਗੀ ਫੈਲਣ ਦਾ ਡਰ ਬਣਿਆ ਹੋਇਆ ਹੈ। ਵਾਰਡ ਨੰਬਰ 13 ਦੀ ਕੌਂਸਲਰ ਵੀਨਾ ਏਰੀ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਕੌਂਸਲ ਦਫ਼ਤਰ ਫੋਨ ਕਰ ਕੇ ਇਸ ਸਮੱਸਿਆ ਬਾਰੇ ਦੱਸਿਆ ਸੀ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਸਮੱਸਿਆ ਹਲਕੇ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਦੇ ਧਿਆਨ ਵਿੱਚ ਵੀ ਲਿਆਂਦੀ ਗਈ ਪਰ 36 ਘੰਟਿਆਂ ਮਗਰੋਂ ਵੀ ਇਹ ਹੱਲ ਨਹੀਂ ਹੋਈ।
ਪਿੰਡ ਬਰਾਰੀ ਤੇ ਕੰਚੇੜਾ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਤੋਂ ਪਾਣੀ ਦੀ ਗੰਭੀਰ ਸਮੱਸਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਐੱਸਡੀਐੱਮ ਨੰਗਲ ਸਚਿਨ ਪਾਠਕ ਨੇ ਕਿਹਾ ਕਿ ਜਦੋਂ ਤੱਕ ਇਹ ਸਮੱਸਿਆ ਹੱਲ ਨਹੀਂ ਹੁੰਦੀ, ਉਹ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਪਾਣੀ ਦੇ ਟੈਂਕਰ ਲਗਾਤਾਰ ਭੇਜ ਰਹੇ ਹਨ। ਜਲ ਕੇਂਦਰ ਦੇ ਸਿਸਟਮ ਨੂੰ ਜਲਦੀ ਠੀਕ ਕੀਤਾ ਜਾ ਰਿਹਾ ਹੈ।