ਵੋਟਾਂ ਦਾ ਅਮਲ ਅਮਨ-ਅਮਾਨ ਨਾਲ ਮੁਕੰਮਲ
ਮੁਹਾਲੀ ਜ਼ਿਲ੍ਹੇ ਵਿੱਚ 54.93 ਫ਼ੀਸਦੀ ਵੋਟਾਂ ਭੁਗਤੀਆਂ; ਡੀ ਸੀ ਵੱਲੋਂ ਵੋਟਰਾਂ ਦਾ ਧੰਨਵਾਦ
ਮੁਹਾਲੀ ਜ਼ਿਲ੍ਹੇ ਦੇ ਖਰੜ, ਮਾਜਰੀ ਅਤੇ ਡੇਰਾਬੱਸੀ ਬਲਾਕਾਂ ਵਿੱਚ ਹੋਈਆਂ ਪੰਚਾਇਤ ਸਮਿਤੀ ਚੋਣਾਂ ਅੱਜ ਸ਼ਾਮ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਮੁਕੰਮਲ ਹੋ ਗਈਆਂ, ਜਿਨ੍ਹਾਂ ਵਿੱਚ ਕੁੱਲ 54.93 ਫੀਸਦੀ ਵੋਟਿੰਗ ਦਰਜ ਕੀਤੀ ਗਈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਅੱਜ ਸ਼ਾਮ ਇੱਥੇ ਵੇਰਵਾ ਦਿੰਦਿਆਂ ਦੱਸਿਆ ਕਿ ਖਰੜ ਵਿੱਚ 49.95 ਫੀਸਦੀ, ਡੇਰਾਬੱਸੀ ਵਿੱਚ 56.31 ਫੀਸਦੀ ਅਤੇ ਮਾਜਰੀ ਵਿੱਚ 56.86 ਫੀਸਦੀ ਮਤਦਾਨ ਦਰਜ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੀਆਂ ਪੋਲਿੰਗ ਪਾਰਟੀਆਂ ਸੁਰੱਖਿਅਤ ਤੌਰ ’ਤੇ ਵਾਪਸ ਪਹੁੰਚ ਗਈਆਂ ਹਨ ਅਤੇ ਬੈਲੇਟ ਬਾਕਸ ਡੇਰਾਬੱਸੀ ਅਤੇ ਸਰਕਾਰੀ ਪਾਲੀਟੈਕਨਿਕ ਕਾਲਜ, ਖੂਨੀਮਾਜਰਾ (ਖਰੜ ਅਤੇ ਮਾਜਰੀ ਬਲਾਕਾਂ ਲਈ) ਵਿੱਚ ਬਣਾਏ ਗਏ ਕੁਲੈਕਸ਼ਨ ਸੈਂਟਰਾਂ/ਸਟਰਾਂਗ ਰੂਮਾਂ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਪ੍ਰਕਿਰਿਆ ਦੌਰਾਨ ਸਭ ਕੁਝ ਸੁਚੱਜੇ ਢੰਗ ਨਾਲ ਚੱਲਿਆ ਅਤੇ ਵੋਟਿੰਗ ਦੇ ਸਮਾਪਤ ਹੋਣ ਤੱਕ ਕਿਸੇ ਵੀ ਤਰ੍ਹਾਂ ਦੀ ਕਾਨੂੰਨ-ਵਿਵਸਥਾ ਦੀ ਸਮੱਸਿਆ ਰਿਪੋਰਟ ਨਹੀਂ ਹੋਈ।
ਸਾਰੀਆਂ ਸਿਆਸੀ ਧਿਰਾਂ, ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਚੇਤ ਰਹੇ। ਉਨ੍ਹਾਂ ਨਿਰਪੱਖ, ਆਜ਼ਾਦ ਅਤੇ ਨਿਆਂਪੂਰਕ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਚੋਣ ਡਿਊਟੀ ’ਤੇ ਤਾਇਨਾਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ।
ਡੀ ਸੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਰਕਾਰੀ ਕਾਲਜ, ਡੇਰਾਬੱਸੀ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀਮਾਜਰਾ ਵਿੱਚ ਕੀਤੀ ਜਾਵੇਗੀ। ਉਸ ਸਮੇਂ ਤੱਕ ਬੈਲਟ ਬਾਕਸ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੇ ਜਾਣਗੇ।
ਸ੍ਰੀ ਆਨੰਦਪੁਰ ਸਾਹਿਬ (ਬੀ ਐੱਸ ਚਾਨਾ): ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡਾਂ ਵਿੱਚ ਵੋਟਾਂ ਦਾ ਅਮਲ ਅਮਨ-ਅਮਾਨ ਨਾਲ ਮੁਕੰਮਲ ਹੋਇਆ। ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਪੋਲਿੰਗ ਬੂਥ ’ਤੇ ਨਾ ਤਾਂ ਵੋਟਿੰਗ ਸ਼ੁਰੂ ਹੋਣ ਵਿੱਚ ਦੇਰੀ ਹੋਈ ਅਤੇ ਨਾ ਹੀ ਕਾਨੂੰਨ-ਵਿਵਸਥਾ ਸਬੰਧੀ ਕੋਈ ਸਮੱਸਿਆ ਸਾਹਮਣੇ ਆਈ। ਸ੍ਰੀ ਆਨੰਦਪੁਰ ਸਾਹਿਬ ਦੇ ਐੱਸ ਡੀ ਐੱਮ ਤੇ ਰਿਟਰਨਿੰਗ ਅਫਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਸਬ ਡਵੀਜ਼ਨ ਅਧੀਨ ਪੋਲਿੰਗ ਬੂਥਾਂ ਤੇ 54.72 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਜੋ ਕਿ ਉਮੀਦ ਨਾਲੋਂੋ ਥੋੜਾ ਵੱਧ ਹੈ। ਇਸ ਮੌਕੇ ਸਥਾਨਕ ਵਿਧਾਇਕ ਅਤੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਰਿਵਾਰ ਸਣੇ ਆਪਣੇ ਜੱਦੀ ਪਿੰਡ ਗੰਭੀਰਪੁਰ ਵਿੱਚ ਵੋਟ ਪਾਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀਆਂ ਲੋਕਤੰਤਰ ਦੀਆਂ ਅਹਿਮ ਇਕਾਈਆਂ ਹਨ ਅਤੇ ਹਰ ਨਾਗਰਿਕ ਨੂੰ ਇਸ ਲੋਕਤੰਤਰਿਕ ਪ੍ਰਕਿਰਿਆ ਵਿੱਚ ਵਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।
ਸ੍ਰੀ ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਉਪਰਲੀ ਮਿਡਵਾਂ ਵਿੱਚ ਸਾਰੇ ਉਮੀਦਵਾਰਾਂ ਵੱਲੋਂ ਸਾਂਝਾ ਬੂਥ ਲਗਾ ਕੇ ਆਪਸੀ ਭਾਈਚਾਰੇ ਅਤੇ ਸਦਭਾਵਨਾ ਦੀ ਮਿਸਾਲ ਕਾਇਮ ਕੀਤੀ ਗਈ, ਜਿਸ ਦੀ ਸਥਾਨਕ ਲੋਕਾਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ।
ਮੋਰਿੰਡਾ (ਸੰਜੀਵ ਤੇਜਪਾਲ): ਮੋਰਿੰਡਾ ਬਲਾਕ ਸਮਿਤੀ ਲਈ ਹੋਈਆਂ ਚੋਣਾਂ ਵਿੱਚ 50.95 ਫ਼ੀਸਦੀ ਵੋਟਾਂ ਪਈਆਂ। ਮੋਰਿੰਡਾ ਦੇ ਐੱਸ ਡੀ ਐੱਮ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਬਲਾਕ ਸਮਿਤੀ ਮੋਰਿੰਡਾ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਲਈ ਕੁੱਲ 118 ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਲਗਭਗ 26 ਬੂਥਾਂ ਨੂੰ ਸੰਵੇਦਨਸ਼ੀਲ ਜਾਂ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਸੀ। ਵੋਟਿੰਗ ਦੌਰਾਨ ਛੋਟੀ-ਮੋਟੀ ਤਕਰਾਰ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਦੀ ਕੋਈ ਜਾਣਕਾਰੀ ਨਹੀਂ ਮਿਲੀ। ਅਧਿਕਾਰੀਆਂ ਅਨੁਸਾਰ ਸੰਵੇਦਨਸ਼ੀਲ ਬੂਥਾਂ ’ਤੇ ਵਾਧੂ ਪੁਲੀਸ ਫੋਰਸ ਤੈਨਾਤ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਰੂਪਨਗਰ ਵਿੱਚ ਭਾਵੇਂ ਵੋਟਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ ਪਰ ਵੋਟ ਫ਼ੀਸਦ ਉਮੀਦ ਮੁਤਾਬਕ ਕਾਫ਼ੀ ਘੱਟ ਰਹੀ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ, ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਵਿੱਚ ਅੱਜ ਸਮਿਤੀ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਪਈਆਂ। ਪਿੰਡਾਂ ਦੇ ਲੋਕ ਸਵੇਰ ਵੇਲੇ ਘੱਟ ਅਤੇ ਦੁਪਹਿਰ ਵੇਲੇ ਵੱਡੀ ਗਿਣਤੀ ਵਿੱਚ ਘਰਾਂ ਤੋਂ ਨਿਕਲ ਕੇ ਪੋਲਿੰਗ ਬੂਥਾਂ ’ਤੇ ਪਹੁੰਚੇ। ਮੁੱਲਾਂਪੁਰ ਗਰੀਬਦਾਸ ਵਿਖੇ ਦੋ ਪੋਲਿੰਗ ਬੂਥਾਂ ਉਤੇ ਬਾਅਦ ਦੁਪਹਿਰ ਤੱਕ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ।
ਮੁੱਲਾਂਪੁਰ ਗਰੀਬਦਾਸ ਵਿੱਚ ਕਰੀਬ 4600 ਵੋਟਾਂ ਵਿੱਚੋਂ ਸਿਰਫ 1948 ਲੋਕਾਂ ਨੇ ਹੀ ਵੋਟਾਂ ਪਾਈਆਂ ਹਨ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੇ ਪੁੱਤਰ ਯਾਦਵਿੰਦਰ ਸਿੰਘ ਬੰਨੀ ਕੰਗ ਨੇ ਪਿੰਡ ਦਿੱਲੂਆਂ ਖੱਦਰੀ ਵਿੱਚ ਵੋਟ ਭੁਗਤੀ। ਅਕਾਲੀ ਦਲ ਦੇ ਆਗੂਆਂ ਰਵਿੰਦਰ ਸਿੰਘ ਖੇੜਾ ਤੇ ਚੌਧਰੀ ਸ਼ਿਆਮ ਲਾਲ ਮਾਜਰੀਆਂ, ਭਾਜਪਾ ਆਗੂ ਰਣਜੀਤ ਸਿੰਘ ਗਿੱਲ ਅਤੇ ਕਾਂਗਰਸੀ ਆਗੂ ਤੇ ਹਲਕਾ ਖਰੜ ਦੇ ਇੰਚਾਰਜ ਵਿਜੈ ਕੁਮਾਰ ਟਿੰਕੂ ਸ਼ਰਮਾ ਤੇ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਵੋਟਰਾਂ ਦਾ ਧੰਨਵਾਦ ਕੀਤਾ।
ਪਿੰਡ ਕਲਵਾਂ ਵਿੱਚ 70 ਫ਼ੀਸਦੀ ਵੋਟਿੰਗ
ਨੂਰਪੁਰ ਬੇਦੀ (ਬਲਵਿੰਦਰ ਰੈਤ): ਬਲਾਕ ਨੂਰਪੁਰ ਬੇਦੀ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਦਾ ਕੰਮ ਅਮਨ ਅਮਾਨ ਪੂਰਾ ਹੋ ਗਿਆ। ਬਲਾਕ ਦੇ ਪਿੰਡ ਕਲਵਾਂ ਵਿੱਚ ਚੋਣਾਂ ਦੌਰਾਨ ਭਾਈਚਾਰਕ ਦੇਖਣ ਨੂੰ ਮਿਲੀ। ਝਾਂਗੜੀਆ ਜ਼ੋਨ ਤੋਂ ‘ਆਪ’ ਅਮਰਜੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਿਲਬਾਰਾ ਸਿੰਘ ਪਿੰਡ ਕਲਵਾਂ ਦੇ ਵਸਨੀਕ ਸਨ। ਇਸ ਪਿੰਡ ਵਿੱਚ 70 ਫੀਸਦੀ ਵੋਟ ਪੋਲ ਹੋਈ, ਜਦਕਿ ਪੂਰੇ ਬਲਾਕ ਨੂਰਪੁਰ ਬੇਦੀ ਵਿੱਚ 45 ਫੀਸਦੀ ਵੋਟਾਂ ਪਈਆਂ। ਵਿਧਾਨ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਆਪਣੇ ਜੱਦੀ ਪਿੰਡ ਬੜਵਾ ਵਿੱਚ ਵੇਟ ਪਾਈ। ਨੂਰਪੁਰ ਬੇਦੀ ਦੇ ਐੱਸ ਐੱਚ ਓ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ। ਐੱਸ ਡੀ ਐੱਮ-ਕਮ,-ਚੋਣ ਅਫ਼ਸਰ ਨੰਗਲ ਸਚਿਨ ਪਾਠਕ ਨੇ ਦੱਸਿਆਂ ਕਿ ਚੋਣਾਂ ਦੌਰਾਨ ਕੁਲ 50.02 ਫੀਸਦੀ ਵੋਟ ਪੋਲ ਹੋਈ। ਉਨ੍ਹਾਂ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਨੰਗਲ ਦੇ ਡੀ ਐੱਸ ਪੀ ਹਰਕੀਰਤ ਸਿੰਘ ਨੇ ਵੋਟਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਵੋਟਰਾਂ ਨੇ ਪੁਲੀਸ ਦਾ ਸਾਥ ਦਿੰਦਿਆਂ ਪੂਰੀ ਅਮਨ ਸ਼ਾਂਤੀ ਬਣਾਈ ਰੱਖੀ।
ਸੈਣੀ ਵੱਲੋਂ ਪੋਲਿੰਗ ਬੂਥਾਂ ਦਾ ਦੌਰਾ
ਲਾਲੜੂ (ਸਰਬਜੀਤ ਸਿੰਘ ਭੱਟੀ): ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਬੂਥਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਾਰਟੀ ਵਰਕਰਾਂ ਨਾਲ ਰਾਬਤਾ ਕੀਤਾ। ਉਨ੍ਹਾਂ ਵੋਟਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਮੌਕੇ ਲੋਕਾਂ ਨੇ ਕੇਂਦਰ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ, ਵਿਕਾਸ ਕਾਰਜਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਮਾਡਲ ’ਤੇ ਭਰੋਸਾ ਜਤਾਇਆ।

