ਮਿਰਜ਼ਾਪੁਰ ਨੂੰ ਜੋੜਨ ਵਾਲੀ ਸੜਕ ਰੁੜ੍ਹਨ ਕਾਰਨ ਪਿੰਡ ਵਾਸੀਆਂ ’ਚ ਸਹਿਮ
ਬਲਾਕ ਮਾਜਰੀ ਦੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਆਖਰੀ ਪਿੰਡ ਮਿਰਜ਼ਾਪੁਰ ਨੂੰ ਜਾਣ ਵਾਲੀ ਸੜਕ ਦਾ ਕਾਫ਼ੀ ਹਿੱਸਾ ਰੁੜ੍ਹਨ ਤੋਂ ਬਾਅਦ ਪਿੰਡ ਵਾਸੀਆਂ ਨੂੰ ਪਿੰਡ ਦਾ ਇੱਕੋ ਇੱਕ ਰਸਤਾ ਬੰਦ ਹੋਣ ਕਾਰਨ ਪਿੰਡ ਵਿੱਚ ਹੀ ਵਿੱਚ ਹੀ ਡੱਕੇ ਜਾਣ ਦਾ ਡਰ ਸਤਾ ਰਿਹਾ ਹੈ। ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਜਿੱਥੇ ਪਿੰਡ ਵਾਸੀਆਂ ਵਿੱਚ ਰੋਸ ਹੈ, ਉੱਥੇ ਪਿੰਡ ਵਾਸੀ ਖੁਦ ਸੜਕ ਨੂੰ ਬਚਾਉਣ ਲਈ ਚਾਰਾਜੋਈ ਕਰ ਰਹੇ ਹਨ। ਸਾਬਕਾ ਸਰਪੰਚ ਦਿਲਾ ਰਾਮ, ਮੌਜੂਦਾ ਸਰਪੰਚ ਜੌਰਜ਼ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਉਨ੍ਹਾਂ ਦੇ ਪਿੰਡ ਨੂੰ ਪੰਜਾਬ ਨਾਲ ਜੋੜਨ ਵਾਲੀ ਇੱਕੋ ਇੱਕ ਸੜਕ ਦਾ ਕਾਫ਼ੀ ਹਿੱਸਾ ਰੁੜ੍ਹ ਚੁੱਕਾ ਹੈ ਅਤੇ ਸੜਕ ਦਾ ਕਿਨਾਰਾ ਹੀ ਰਹਿ ਗਿਆ ਹੈ ਜੋ ਕਿ ਹੁਣ ਦੋ ਘੰਟੇ ਦੀ ਬਾਰਸ਼ ਨੂੰ ਵੀ ਝੱਲਣ ਦੇ ਕਾਬਲ ਨਹੀਂ ਰਿਹਾ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਉਹ ਪਿਛਲੇ ਪੰਜ ਦਿਨਾਂ ਤੋਂ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕਰ ਰਹੇ ਹਨ, ਪ੍ਰਸ਼ਾਸਨ ਦੇ ਅਧਿਕਾਰੀ ਮੌਕਾ ਦੇਖਣ ਲਈ ਆਏ ਪਰ ਠੋਸ ਪ੍ਰਬੰਧ ਕਰਨ ਦੀ ਥਾਂ ਬੀਤੇ ਬੀਤੇ ਦਿਨ ਸਵਾਹ ਦੇ ਬੋਰੇ ਸੁੱਟ ਕੇ ਚਲੇ ਗਏ ਅਤੇ ਪਿੰਡ ਵਾਸੀਆਂ ਨੂੰ ਖੁਦ ਬੰਨ੍ਹ ਲਗਾਉਣ ਦਾ ਹੁਕਮ ਦੇ ਕੇ ਚਲੇ ਗਏ।
ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ: ਨਾਇਬ ਤਹਿਲੀਦਾਰ
ਨਾਇਬ ਤਹਿਲੀਦਾਰ ਮਾਜਰੀ ਰਾਜਵੀਰ ਸਿੰਘ ਮਰਵਾਹਾ ਨੇ ਕਿਹਾ ਕਿ ਉਹ ਮਿਰਜ਼ਾਪੁਰ ਦਾ ਦੌਰਾ ਕਰਕੇ ਸੜਕ ਦਾ ਜਾਇਜ਼ਾ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਤਰਜੀਹੀ ਤੌਰ ’ਤੇ ਪਹਿਲਾ ਉਨ੍ਹਾਂ ਖੇਤਰਾਂ ਵਿੱਚ ਕੀਤੇ ਜਾ ਰਹੇ ਹਨ ਜਿੱਥੇ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਮਿਰਜ਼ਾਪੁਰ ਦੀ ਸੜਕ ਨੂੰ ਬਚਾਉਣ ਲਈ ਪ੍ਰਸ਼ਾਸਨ ਗੰਭੀਰ ਹੈ ਅਤੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।