ਲਿੰਕ ਸੜਕਾਂ ’ਚ ਟੋਇਆਂ ਕਾਰਨ ਪਿੰਡਾਂ ਦੇ ਲੋਕ ਤੇ ਰਾਹਗੀਰ ਪ੍ਰੇਸ਼ਾਨ
ਲਾਲੜੂ, ਚਾਂਦਹੇੜੀ, ਆਗਾਂਪੁਰ ਤੇ ਭਗਵਾਸੀ ਲਿੰਕ ਸੜਕ ਦੀ ਖਸਤਾ ਹਾਲਤ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਤੇ ਰਾਹਗੀਰ ਪ੍ਰੇਸ਼ਾਨ ਹਨ। ਇਹ ਸੜਕ ਇਸ ਕਦਰ ਆਪਣਾ ਆਪਣੀ ਹੋਂਦ ਗੁਆ ਚੁੱਕੀ ਹੈ ਕਿ ਹੁਣ ਇਸ ’ਤੇ ਪਿਆ ਗਟਕਾ ਮਿੱਟੀ ਵਿੱਚ ਰਲ ਗਿਆ ਹੈ। ਥੋੜੀ ਜਿਹੀ ਬਰਸਾਤ ਪੈਣ ਨਾਲ ਇਹ ਮਿੱਟੀ ਚਿੱਕੜੀ ਵਿੱਚ ਬਦਲ ਜਾਂਦੀ ਹੈ ਅਤੇ ਭਾਰੀ ਵਾਹਨਾਂ ਨਾਲ ਇਹ ਚਿੱਕੜ ਟਾਇਰਾਂ ਰਾਹੀਂ ਨੇੜੇ ਲੰਘਦੇ ਰਾਹਗੀਰਾਂ ਅਤੇ ਵਾਹਨਾਂ ’ਤੇ ਡਿੱਗਦਾ ਹੈ। ਆਗਾਂਪੁਰ ਵਾਸੀ ਕੁਲਵਿੰਦਰ ਸਿੰਘ, ਗੁਰਮੁਖ ਸਿੰਘ, ਰੰਮੀ ਪਰਾਸ਼ਰ, ਨਿਰਮੈਲ ਸਿੰਘ, ਗੁਰਜੀਤ ਸਿੰਘ, ਮੋਹਨ ਸਿੰਘ ਤੇ ਰਾਮ ਕੁਮਾਰ ਫੌਜੀ , ਚਾਂਦਹੇੜੀ ਵਾਸੀ ਨਰਿੰਦਰ ਮੋਹਨ ਸ਼ਰਮਾ ਨੇ ਕਿਹਾ ਕਿ ਸੜਕ ਨੂੰ ਬਣਿਆ ਕਰੀਬ ਇੱਕ ਦਹਾਕਾ ਬੀਤ ਚੁੱਕਾ ਹੈ ਪਰ ਹੁਣ ਤੱਕ ਨਗਰ ਕੌਂਸਲ ਅਤੇ ਮੰਡੀ ਬੋਰਡ ਵੱਲੋਂ ਇਸ ਨੂੰ ਬਣਾਉਣ ਦਾ ਸੋਚਿਆ ਤੱਕ ਨਹੀਂ।
ਉਨ੍ਹਾਂ ਕਿਹਾ ਕਿ ਇਸ ਲਿੰਕ ਸੜਕ ਤੋਂ ਭਾਰੀ ਵਾਹਨ ਰੋਜ਼ਾਨਾ ਲੰਘਦੇ ਹਨ, ਜਿਨ੍ਹਾਂ ਦਾ ਇਸ ਸੜਕ ਨੂੰ ਤੋੜਨ ਲਈ ਮੁੱਖ ਰੋਲ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਲਾਲੜੂ ਸ਼ਹਿਰ ਨਾਲ ਜੋੜਦੀ ਹੈ, ਜਿਸ ਰਾਹੀਂ ਰੋਜ਼ਾਨਾ ਲੋਕਾਂ ਨੂੰ ਬਾਜ਼ਾਰ ਵਿੱਚ ਕੰਮ ਕਾਰਾਂ ਲਈ ਆਉਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਅਤੇ ਮੰਡੀ ਬੋਰਡ ਇਸ ਲਿੰਕ ਸੜਕ ਦੀ ਸਾਰ ਲਵੇ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨੀਸ਼ ਕੁਮਾਰ ਨੇ ਕਿਹਾ ਕਿ ਉਹ ਨਵੇਂ ਆਏ ਹਨ, ਛੇਤੀ ਹੀ ਲਿੰਕ ਸੜਕ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।