ਪੁਆਧੀ ਅਖਾੜੇ ਵਿੱਚ ਬਜ਼ੁਰਗ ਗਾਇਕਾਂ ਨੇ ਬੰਨ੍ਹਿਆ ਰੰਗ
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 13 ਮਈ
ਮੁੱਲਾਂਪੁਰ ਗਰੀਬਦਾਸ ਵਿੱਚ ਭਗਤ ਨਰਿੰਦਰ ਸਿੰਘ ਸੁਹਾਣਾ ਨੇ ਆਪਣੀ ਮੰਡਲੀ ਨਾਲ ਲਗਾਏ ਪੁਆਧੀ ਅਖਾੜੇ ਵਿੱਚ ਕਲੀਆਂ ਤੇ ਬੈਂਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ। ਪ੍ਰਬੰਧਕਾਂ ਅਮਰੀਕ ਸਿੰਘ, ਗਿਆਨ ਸਿੰਘ, ਘੋਲਾ ਸਿੰਘ, ਬਬਲਾ ਪੰਡਿਤ, ਹੈਪੀ ਆਦਿ ਨੇ ਦੱਸਿਆ ਕਿ ਬਜ਼ੁਰਗ ਗਾਇਕ ਮੰਡਲੀ ਵਿੱਚ ਭਗਤ ਨਰਿੰਦਰ ਸਿੰਘ ਸੋਹਾਣਾ, ਸਾਰੰਗੀ ਮਾਸਟਰ ਬਲਵਿੰਦਰ ਸਿੰਘ, ਅੰਗਰੇਜ਼ ਸਿੰਘ, ਅਮਰਾਉ ਸਿੰਘ, ਨੈਬ ਸਿੰਘ, ਬਾਗਾ, ਰਜਿੰਦਰ ਸਿੰਘ ਮਾਜਰਾ, ਨਛੱਤਰ ਸਿੰਘ ਗੀਗੇ ਮਾਜਰਾ, ਕਾਲਾ ਸੋਹਾਣਾ, ਰਾਮ ਆਸਰਾ ਤਾਰਾਪੁਰ ਆਦਿ ਨੇ ਸਹਾਇਕ ਗਾਇਕਾਂ ਵਜੋਂ ਸੇਵਾਵਾਂ ਦਿੱਤੀਆਂ। ਮਾਸਟਰ ਕਰਨ ਨੇ ਢੋਲਕੀ ਵਜਾਈ ਅਤੇ ਪ੍ਰਦੀਪ ਨੇ ਨੱਚ-ਨੱਚ ਕੇ ਧਮਾਲਾਂ ਪਾਈਆਂ। ਗਾਇਕਾਂ ਨੇ ਦਸਤਾਰਾਂ ਸਜਾ ਕੇ ਤੇ ਹੱਥਾਂ ਵਿੱਚ ਖੁੂੰਡੇ ਫੜੇ ਹੋਏ ਸਨ। ਉਨ੍ਹਾਂ ਨੇ ਬਿਨਾਂ ਕਿਸੇ ਸਾਊਂਡ ਤੋਂ ਉੱਚੀ ਆਵਾਜ਼ ਵਿੱਚ ਗਾਇਆ। ਗਾਇਕ ਮੰਡਲੀ ਨੇ ਰਾਜਾ ਬੱਲ ਦੀ ਜੀਵਨੀ, ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ ਦੀਆਂ ਕਲੀਆਂ ਤੇ ਸਵਰਗਵਾਸੀ ਭਗਤ ਆਸਾ ਰਾਮ ਸੋਹਾਣੇ ਵਾਲਿਆਂ ਵੱਲੋਂ ਗਾਈਆਂ ਬੋਲੀਆਂ ਸੁਣਾਈਆਂ। ਭਗਤ ਨਰਿੰਦਰ ਸਿੰਘ ਨੇ ਕਿਹਾ ਕਿ ਭਗਤ ਆਸਾ ਰਾਮ ਵੱਲੋਂ ਕਰੀਬ ਚਾਰ ਦਹਾਕੇ ਪਹਿਲਾਂ ਦੱਸੀਆਂ ਗੱਲਾਂ ਅੱਜ ਸੱਚ ਸਾਬਿਤ ਹੋ ਰਹੀਆਂ ਹਨ।