ਹੜ੍ਹ ਪੀੜਤਾਂ ਲਈ ਵੇਰਕਾ ਵੱਲੋਂ ਰਾਸ਼ਨ ਕਿੱਟਾਂ ਦੀ ਸਪਲਾਈ ਸ਼ੁਰੂ
ਪੰਜਾਬ ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਵੇਰਕਾ ਮਿਲਕ ਪਲਾਂਟ, ਮੁਹਾਲੀ ਤੋਂ 700 ਰਾਸ਼ਨ ਕਿੱਟਾਂ ਦੀ ਪਹਿਲੀ ਖੇਪ ਰਵਾਨਾ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਮਿਲਕਫੈੱਡ ਨੇ 15 ਹਜਾਰ ਰਾਸ਼ਨ ਕਿੱਟਾਂ ਹੜ੍ਹ ਪੀੜਤ ਇਲਾਕਿਆਂ ਵਿੱਚ ਭੇਜਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਕਿੱਟਾਂ ਵਿੱਚ ਚੀਨੀ, ਆਟਾ, ਚੌਲ, ਦੁੱਧ ਦਾ ਪਾਊਡਰ, ਪੀਣ ਵਾਲਾ ਪਾਣੀ, ਚਾਹ ਪੱਤੀ, ਬਿਸਕੁਟ, ਬਰੈੱਡ ਅਤੇ ਮਾਚਿਸ ਆਦਿ ਜ਼ਰੂਰੀ ਸਾਮਾਨ ਸ਼ਾਮਲ ਹੈ। ਇਸ ਮੌਕੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ, ਮਿਲਕਫੈੱਡ ਦੇ ਐੱਮਡੀ ਰਾਹੁਲ ਗੁਪਤਾ, ਆਪ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ, ਪ੍ਰਭਜੋਤ ਕੌਰ, ਸਰਬਜੀਤ ਸਿੰਘ ਸਮਾਣਾ, ਜੀਐਮ ਵਿਕਰਮਜੀਤ ਸਿੰਘ ਮਾਹਲ, ਵੇਰਕਾ ਦੇ ਡਾਇਰੈਕਟਰ ਪਰਮਜੀਤ ਕੌਰ, ਬੰਤ ਸਿੰਘ, ਰਣਜੀਤ ਸਿੰਘ, ਬਲਜਿੰਦਰ ਸਿੰਘ, ਮਨਿੰਦਰਜੀਤ ਸਿੰਘ, ਜਸਵਿੰਦਰ ਸਿੰਘ ਹਾਜ਼ਰ ਸਨ।
ਬੈਂਸ ਨੇ ਹੜ੍ਹ ਪੀੜਤਾਂ ਰਾਹਤ ਸਮੱਗਰੀ ਦਾ ਟਰੱਕ ਭੇਜਿਆ
ਸ੍ਰੀ ਆਨੰਦਪੁਰ ਸਾਹਿਬ (ਬੀ ਐੱਸ ਚਾਨਾ): ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ। ਇਸ ਟਰੱਕ ਵਿੱਚ 800 ਰਾਸ਼ਨ ਕਿੱਟਾਂ ਭਰੀਆਂ ਗਈਆਂ ਜੋ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਹੋਰ ਸਹਿਯੋਗੀਆਂ ਵੱਲੋਂ ਤਿਆਰ ਕੀਤੀ ਗਈਆਂ। ਸ੍ਰੀ ਬੈਂਸ ਨੇ ਦੱਸਿਆ ਕਿ ਪੰਜਾਬ ਨੂੰ ਮੁਸ਼ਕਿਲ ਹਲਾਤਾਂ ਵਿੱਚੋ ਕੱਢਣ ਲਈ ਸਮਾਜ ਸੇਵੀ ਸੰਗਠਨ ਅਤੇ ਆਮ ਲੋਕ ਵੀ ਸਰਕਾਰ ਦਾ ਸਹਿਯੋਗ ਦੇ ਰਹੇ ਹਨ ਤੇ ਇਹ ਆਪਸੀ ਭਾਈਚਾਰਕ ਸਾਂਝ ਹੀ ਪੰਜਾਬ ਦੀ ਅਸਲ ਤਸਵੀਰ ਹੈ। ਅੱਜ ਭੇਜੀ ਗਈ ਰਾਹਤ ਸਮੱਗਰੀ ਦਾ ਟਰੱਕ ਜਿਲ੍ਹਾ ਹੁਸ਼ਿਆਰਪੁਰ ਅਤੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਭੇਜੀ ਗਈ ਹੈ।
‘ਆਪ’ ਦੇ ਟਰੇਡ ਵਿੰਗ ਨੇ ਵੱਲੋਂ ਹੜ੍ਹ ਪੀੜਤਾਂ ਦੀ ਮਦਦ
ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਰਹਿਨਮਾਈ ਹੇਠ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਵੱਲੋਂ ਪਠਾਨਕੋਟ ਹੜ ਪ੍ਰਭਾਵਿਤ ਖੇਤਰਾਂ ਲਈ ਰਾਸ਼ਨ ਕਿੱਟਾਂ, ਰਸ-ਬਿਸਕਟ ਕਿੱਟਾਂ, ਪਾਣੀ, ਆਟਾ ਤੇ ਚਾਵਲ ਰਵਾਨਾ ਕੀਤੇ ਗਏ। ਵਿਧਾਇਕ ਕੁਲਵੰਤ ਸਿੰਘ ਨੇ ਰਾਸ਼ਨ ਲਿਜਾ ਰਹੇ ਵਾਹਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।