‘ਡਰੈੱਸ ਕੋਡ’ ਲਾਗੂ ਹੋਣ ਕਾਰਨ ਯੂਟੀ ਦੇ ਅਧਿਆਪਕਾਂ ’ਚ ਰੋਸ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਜੂਨ
ਯੂਟੀ ਦੇ ਸਕੂਲਾਂ ਵਿੱਚ ਅਧਿਆਪਕਾਂ ਲਈ ‘ਡਰੈੱਸ ਕੋਡ’ ਲਾਗੂ ਹੋ ਗਿਆ ਹੈ। ਇਸ ਨੂੰ ਗਰਮੀਆਂ ਦੀਆਂ ਛੁੱਟੀਆਂ ਸਮਾਪਤ ਹੋਣ ਤੋਂ ਬਾਅਦ ਭਲਕੇ ਅਧਿਆਪਕਾਂ ਲਈ ਲਾਗੂ ਕੀਤਾ ਜਾਵੇਗਾ। ਦੂਜੇ ਪਾਸੇ, ਅਧਿਆਪਕਾਂ ਨੇ ਡਰੈੱਸ ਕੋਡ ’ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਅਧਿਆਪਕਾਂ ’ਤੇ ਲਾਗੂ ਨਾ ਕਰਨ ਲਈ ਕਿਹਾ ਹੈ। ਸਿੱਖਿਆ ਵਿਭਾਗ ਨੇ ਅੱਜ ਇਸ ਡਰੈੱਸ ਕੋਡ ਸਬੰਧੀ ਦੂਜਾ ਸਰਕੁਲਰ ਜਾਰੀ ਕਰ ਦਿੱਤਾ ਹੈ। ਇਸ ਵਿੱਚ ਅਧਿਆਪਕਾਂ ਤੇ ਪ੍ਰਿੰਸੀਪਲਾਂ ਲਈ ਵੱਖ-ਵੱਖ ਰੰਗ ਦੇ ਕੱਪੜੇ ਪਾਉਣ ਲਈ ਕਿਹਾ ਗਿਆ ਹੈ। ਚੰਡੀਗੜ੍ਹ ਇਸ ਡਰੈੱਸ ਕੋਡ ਨੂੰ ਅਧਿਆਪਕਾਂ ’ਤੇ ਲਾਗੂ ਕਰਨ ਵਾਲਾ ਪਹਿਲਾ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਿਆ ਹੈ। ਇਹ ਡਰੈੱਸ ਕੋਡ ਹਫ਼ਤੇ ਵਿੱਚ ਇਕ ਦਿਨ ਜਾਂ ਵਿਸ਼ੇਸ਼ ਦਿਨਾਂ ਵਿੱਚ ਪਾਉਣ ਲਈ ਕਿਹਾ ਗਿਆ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ 26 ਅਪਰੈਲ ਨੂੰ ਪੀਐਮ ਸ੍ਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-14 ਧਨਾਸ ਵਿੱਚ ਡਰੈੱਸ ਕੋਡ ਨੂੰ ਸ਼ੁਰੂ ਕੀਤਾ ਸੀ।
ਅਧਿਆਪਕ ਜਥੇਬੰਦੀ ਜੁਆਇੰਟ ਟੀਚਰਜ਼ ਐਸੋਸੀਏਸ਼ਨ ਦੇ ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ ਨੇ ਕਿਹਾ ਕਿ ਅਧਿਆਪਕਾਂ ਲਈ ਇਕ ਰੰਗ ਦਾ ਡਰੈਸ ਕੋਡ ਨਹੀਂ ਹੋਣਾ ਚਾਹੀਦਾ, ਭਾਵੇਂ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਫਾਰਮਲ ਕੱਪੜੇ ਪਾਉਣ ਨੂੰ ਕਹਿ ਸਕਦਾ ਸੀ ਪਰ ਇਹ ਡਰੈਸ ਕੋਡ ਗਲਤ ਹੈ ਕਿਉਂਕਿ ਅਧਿਆਪਕਾਂ ਦੀ ਪਬਲਿਕ ਡੀਲਿੰਗ ਨਹੀਂ ਹੁੰਦੀ ਤੇ ਡਰੈਸ ਕੋਡ ਦਾ ਅਰਥ ਪਬਲਿਕ ਡੀਲਿੰਗ ਵਿਚ ਵੱਖਰੀ ਪਛਾਣ ਕਰਵਾਉਣਾ ਹੁੰਦਾ ਹੈ। ਇਸ ਤੋਂ ਇਲਾਵਾ ਕਈ ਮਹਿਲਾ ਅਧਿਆਪਕਾਂ ਨੇ ਦੱਸਿਆ ਕਿ ਇਸ ਡਰੈਸ ਕੋਡ ਵਿਚ ਅਧਿਆਪਕਾਂ ਨੂੰ ਫਿੱਕਾ ਰੰਗ ਪਾਉਣ ਲਈ ਕਿਹਾ ਗਿਆ ਹੈ ਜੋ ਗਰਮੀਆਂ ਵਿਚ ਕਾਟਨ ਦਾ ਹੋਵੇਗਾ ਤੇ ਇਹ ਫਿੱਕਾ ਰੰਗ ਪਾਰਦਰਸ਼ੀ ਹੋਣ ਨਾਲ ਅਧਿਆਪਕਾਵਾਂ ਸਹਿਜ ਮਹਿਸੂਸ ਨਹੀਂ ਕਰਨਗੀਆਂ ਜਿਸ ਕਰ ਕੇ ਇਸ ਰੰਗ ਨੂੰ ਬਦਲਣਾ ਚਾਹੀਦਾ ਹੈ। ਇਸ ਡਰੈਸ ਕੋਡ ਦਾ ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਵੀ ਵਿਰੋਧ ਕੀਤਾ। ਦੂਜੇ ਪਾਸੇ ਡਾਇਰੈਕਟਰ ਨੇ ਕਿਹਾ ਕਿ ਉਹ ਇਸ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਗੇ।
ਯੂਟੀ ਦੇ ਸਰਕਾਰੀ ਸਕੂਲ ਅੱਜ ਖੁੱਲ੍ਹਣਗੇ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋ ਗਈਆਂ ਹਨ ਤੇ ਸ਼ਹਿਰ ਦੇ ਸਾਰੇ ਸਰਕਾਰੀ ਸਕੂਲ ਪਹਿਲੀ ਜੁਲਾਈ ਤੋਂ ਖੁੱਲ੍ਹਣਗੇ। ਦੂਜੇ ਪਾਸੇ, ਯੂਟੀ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਇਹ ਸਕੂਲ 28 ਜੂਨ ਤੋਂ ਖੋਲ੍ਹ ਦਿੱਤੇ ਗਏ ਸਨ ਪਰ ਵਿਦਿਆਰਥੀ ਪਹਿਲੀ ਜੁਲਾਈ ਤੋਂ ਹੀ ਸਕੂਲ ਆਉਣਗੇ। ਯੂਟੀ ਦੇ ਨਿੱਜੀ ਸਕੂਲਾਂ ਦੀ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਵੱਖਰੀਆਂ-ਵੱਖਰੀਆਂ ਮਿਤੀਆਂ ’ਤੇ ਸਕੂਲ ਖੋਲ੍ਹਣ ਦੀ ਯੋਜਨਾ ਹੈ। ਕਈ ਸਕੂਲ ਪਹਿਲੇ ਹਫ਼ਤੇ ਖੁੱਲ੍ਹ ਰਹੇ ਹਨ ਜਦੋਂਕਿ ਕਈ ਸਕੂਲ ਦੂਜੇ ਹਫ਼ਤੇ ਵੀ ਖੁੱਲ੍ਹ ਰਹੇ ਹਨ। ਭਵਨ ਵਿਦਿਆਲਿਆ ਸਕੂਲ ਦੀਆਂ ਦੋਵੇਂ ਬਰਾਂਚਾਂ ਅੱਠ ਜੁਲਾਈ ਤੋਂ ਵਿਦਿਆਰਥੀਆਂ ਲਈ ਖੁੱਲ੍ਹ ਰਹੀਆਂ ਹਨ।