ਯੂਟੀ ਦੇ ਮੁੱਖ ਸਕੱਤਰ ਵੱਲੋਂ ਨਿਰਵਿਘਨ ਬਿਜਲੀ ਸਪਲਾਈ ਦੇ ਨਿਰਦੇਸ਼
ਚੰਡੀਗੜ੍ਹ ਦੇ ਸੈਕਟਰ-56 ਸਥਿਤ 66 ਕੇਵੀ ਗਰਿੱਡ ਵਿੱਚ ਲੰਘੇ ਦਿਨ ਤਕਨੀਕੀ ਖਰਾਬੀ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ 7-8 ਘੰਟੇ ਬਿਜਲੀ ਸਪਲਾਈ ਬੰਦ ਰਹੀ ਹੈ। ਇਸ ਦੇ ਚਲਦਿਆਂ ਅੱਜ ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੀਵ ਵਰਮਾ ਵੱਲੋਂ ਸ਼ਹਿਰ ਵਿੱਚ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀਪੀਡੀਐੱਲ) ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਮੁੱਖ ਸਕੱਤਰ ਨੇ ਲੰਘੇ ਦਿਨ ਗਰਿੱਡ ਵਿੱਚ ਖਰਾਬੀ ਕਰਕੇ ਸ਼ਹਿਰ ਵਿੱਚ ਬਿਜਲੀ ਸਪਲਾਈ ਠੱਪ ਹੋਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਮੁੱਖ ਸਕੱਤਰ ਨੇ ਬਿਜਲੀ ਕੰਪਨੀ ਨੂੰ ਸ਼ਹਿਰ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਇਸ ਮੌਕੇ ਯੂਟੀ ਦੇ ਸਕੱਤਰ ਇੰਜਨੀਅਰਿੰਗ ਪ੍ਰੇਰਨਾ ਪੁਰੀ, ਮੁੱਖ ਇੰਜਨੀਅਰ ਸੀਬੀ ਓਝਾ ਅਤੇ ਸੀਪੀਡੀਐੱਲ ਦੇ ਅਧਿਕਾਰੀ ਮੌਜੂਦ ਸਨ।
ਸੀਪੀਡੀਐੱਲ ਦੇ ਅਧਿਕਾਰੀਆਂ ਨੇ ਯੂਟੀ ਦੇ ਮੁੱਖ ਸਕੱਤਰ ਰਾਜੀਵ ਵਰਮਾ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਮੈਨਸੂਨ ਦੌਰਾਨ ਬਿਜਲੀ ਦੀਆਂ ਹਾਈ ਪਾਵਰ ਤਾਰਾਂ ਦੀ ਰਾਖੀ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ, ਪਰ ਲੰਘੇ ਦਿਨ ਅਚਾਨਕ ਸ਼ਾਰਟ ਸਰਕਟ ਹੋਣ ਕਰਕੇ ਗਰਿੱਡ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਰਕੇ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਸੀ, ਪਰ ਉਨ੍ਹਾਂ ਨੇ ਸਮੇਂ ਰਹਿੰਦੇ ਤਕਨੀਕੀ ਖਰਾਬੀ ਨੂੰ ਠੀਕ ਕਰ ਦਿੱਤਾ ਸੀ। ਯੂਟੀ ਦੇ ਮੁੱਖ ਸਕੱਤਰ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀ ਕੋਈ ਖਰਾਬੀ ਨਾ ਆਵੇ। ਇਸ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਤਿੰਨ ਪਾਵਰ ਟਰਾਂਸਫਾਰਮਰ ਤੇ 28 ਡਿਸਟਰੀਬਿਊਸ਼ਨ ਟਰਾਂਸਫਾਰਮਰ ਬਦਲੇ
ਸੀਪੀਡੀਐੱਲ ਦੇ ਅਧਿਕਾਰੀਆਂ ਨੇ ਯੂਟੀ ਦੇ ਮੁੱਖ ਸਕੱਤਰ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਨਾਉਣ ਲਈ ਸ਼ਹਿਰ ਵਿੱਚ 3 ਪਾਵਰ ਟ੍ਰਾਂਸਫਾਰਮਰ ਅਤੇ 28 ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਬਦਲੇ ਗਏ ਹਨ। ਇਸ ਤੋਂ ਇਲਾਵਾ ਬਿਜਲੀ ਕੰਪਨੀ ਨੇ ਇਸ ਵਾਰ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ 465 ਮੈਗਾਵਾਟ ਨੂੰ ਆਸਾਨੀ ਨਾਲ ਪੂਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ ਲਈ ਹੋਰ ਯਤਨ ਕਰ ਰਹੇ ਹਨ।
ਸ਼ਿਕਾਇਤ ਸੈਂਟਰ ਵਿੱਚ ਮੁਲਾਜ਼ਮ ਵਧਾਏ
ਸੀਪੀਡੀਐੱਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਲੋਕਾਂ ਦੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਥਾਪਤ ਕੀਤੇ 24 ਘੰਟੇ ਵਾਲੇ ਸ਼ਿਕਾਇਤ ਕੇਂਦਰ ਵਿੱਚ ਮੁਲਾਜ਼ਮਾਂ ਦੀ ਗਿਣਤੀ 17 ਤੋਂ ਵਧਾ ਕੇ 52 ਕਰ ਦਿੱਤੀ ਹੈ। ਇਸ ਤੋਂ ਇਲਾਵਾ ਫੋਨਾਂ ਦੀ ਗਿਣਤੀ ਵਿੱਚ 10 ਤੋਂ ਵਧਾ ਕੇ 50 ਕਰ ਦਿੱਤੀ ਹੈ। ਇਸ ਨਾਲ ਲੋਕਾਂ ਨੂੰ ਆਪਣੀ ਸ਼ਿਕਾਇਤ ਦੇਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ 49 ਕਰਮਚਾਰੀ ਤੇ 4 ਸੁਪਰਵਾਈਜ਼ਰਾਂ ਨੂੰ ਤਾਇਨਾਤ ਕੀਤਾ ਗਿਆ ਹੈ।