ਮੁਹਾਲੀ ਨਿਗਮ ਦੀ ਮੀਟਿੰਗ ’ਚ ਵਿਕਾਸ ਕਾਰਜਾਂ ’ਤੇ ਹੰਗਾਮਾ
ਨਗਰ ਨਿਗਮ ਮੁਹਾਲੀ ਦੀ ਅੱਜ ਹੋਈ ਮੀਟਿੰਗ ਵਿਚ ਸ਼ਹਿਰ ਵਿਚ ਸਫ਼ਾਈ, ਕੂੜਾ ਡੰਪਾਂ ਅਤੇ ਵਾਰਡਾਂ ਦੇ ਕੰਮਾਂ ਸਬੰਧੀ ਕਾਫ਼ੀ ਹੰਗਾਮੇ ਭਰਪੂਰ ਰਹੀ। ਮੀਟਿੰਗ ਵਿਚ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕਮਿਸ਼ਨਰ ਭੁਪਿੰਦਰਪਾਲ ਸਿੰਘ ਸਮੇਤ ਸਮੁੱਚੇ ਕੌਂਸਲਰ ਤੇ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿਚ ਕਈ ਕੌਂਸਲਰ ਆਪੋ-ਆਪਣੇ ਵਾਰਡਾਂ ਦੀ ਖਸਤਾ ਹਾਲਤ ਤਸਵੀਰਾਂ ਨੂੰ ਬਿਆਨ ਕਰਦੇ ਪੋਸਟਰ ਅਤੇ ਕਈਂ ਸ਼ਹਿਰ ਦੇ ਵੱਖ-ਵੱਖ ਮੰਗਾਂ ਦੇ ਸਲੋਗਨਾਂ ਵਾਲੇ ਹੋਰਡਿੰਗ ਲੈ ਕੇ ਸ਼ਾਮਿਲ ਹੋਏ। ਵਿਰੋਧੀ ਧਿਰ ਦੇ ਕੌਂਸਲਰਾਂ ਮਨਜੀਤ ਸਿੰਘ ਸੇਠੀ ਤੇ ਹੋਰਨਾਂ ਨੇ ਸ਼ਹਿਰ ਦੀ ਸਫ਼ਾਈ ਦੀ ਬਦਹਾਲ ਵਿਵਸਥਾ ਤੇ ਕਾਫ਼ੀ ਰੌਲਾ ਪਾਇਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸਫ਼ਾਈ ਦਾ ਬੁਰਾ ਹਾਲ ਹੈ ਅਤੇ ਸਵੱਛ ਸਰਵੇਖਣ ਵਿਚ ਮੁਹਾਲੀ ਦੀ ਪਛੜੀ ਰੈਕਿੰਗ ਇਸ ਦਾ ਸਬੂਤ ਹੈ। ਫੇਜ਼ ਗਿਆਰਾਂ ਦੇ ਕੂੜਾ ਪਲਾਂਟ ਨੂੰ ਤਬਦੀਲ ਕਰਨ ਲਈ ਕੌਂਸਲਰ ਨਰਪਿੰਦਰ ਸਿੰਘ ਰੰਗੀ, ਕੁਲਵੰਤ ਸਿੰਘ ਕਲੇਰ, ਜਸਬੀਰ ਸਿੰਘ ਮਣਕੂ ਅਤੇ ਹਰਜੀਤ ਸਿੰਘ ਭੋਲੂ ਨੇ ਆਵਾਜ਼ ਚੁੱਕੀ। ਉਨ੍ਹਾਂ ਦੇ ਹੱਥਾਂ ਵਿਚ ਆਪਣੀ ਮੰਗ ਲਈ ਪੋਸਟਰ ਫੜ੍ਹੇ ਹੋਏ ਸਨ। ਉਨ੍ਹਾਂ ਸੈਕਟਰ 77 ਦੇ ਕੂੜਾ ਡੰਪ ਦੀ ਸਫ਼ਾਈ ਦੀ ਵੀ ਮੰਗ ਕੀਤੀ। ਕੌਂਸਲਰ ਬਲਜੀਤ ਕੌਰ ਨੇ ਇਸ ਮੌਕੇ ਉਨ੍ਹਾਂ ਦੇ ਵਾਰਡ ਵਿਚਲੇ ਕੰਮ ਵਰਕ ਆਊਡਰ ਹੋਣ ਦੇ ਬਾਵਜੂਦ ਸਿਆਸੀ ਅਧਾਰ ਤੇ ਬੰਦ ਕਰਾਉਣ ਦਾ ਦੋਸ਼ ਲਗਾਇਆ। ਇਸ ਮੌਕੇ ਉਨ੍ਹਾਂ ਦੀ ਹਮਾਇਤ ਵਿਚ ਹੋਰਨਾਂ ਕੌਂਸਲਰਾਂ ਨੇ ਸ਼ੇਮ-ਸ਼ੇਮ ਦੇ ਨਾਅਰੇ ਲਾਏ। ਉਨ੍ਹਾਂ ਬੜੇ ਤਿੱਖੇ ਰੌਂਅ ਵਿਚ ਆਪਣੇ ਵਾਰਡ ਦੀਆਂ ਸਮੱਸਿਆਵਾਂ ਰੱਖੀਆਂ। ਕਈਂ ਹੋਰਨਾਂ ਮਹਿਲਾ ਕੌਂਸਲਰਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਕੌਂਸਲਰ ਰੁਪਿੰਦਰ ਕੌਰ ਰੀਨਾ ਨੇ ਚੁੰਨੀ ਦਾ ਪੱਲਾ ਅੱਡ ਕੇ ਆਪਣੇ ਵਾਰਡ ਦੇ ਕੰਮ ਕਰਾਉਣ ਦੀ ਅਪੀਲ ਕੀਤੀ। ਇਸੇ ਤਰਾਂ ਜਸਪ੍ਰੀਤ ਕੌਰ ਤੇ ਹੋਰਨਾਂ ਨੇ ਵੀ ਆਪੋ ਆਪਣੇ ਵਾਰਡਾਂ ਦੇ ਮੁੱਦੇ ਉਠਾਏ। ਸਮੁੱਚੇ ਕੌਂਸਲਰ ਆਪੋ ਆਪਣੀਆਂ ਮੰਗਾਂ ਸਬੰਧੀ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਤੋਂ ਜਵਾਬ ਵੀ ਮੰਗਦੇ ਰਹੇ। ਮੇਅਰ ਜੀਤੀ ਸਿੱਧੂ ਆਪਣੇ ਵੱਲੋਂ ਜਵਾਬ ਵੀ ਦਿੰਦੇ ਰਹੇ।
ਇਸੇ ਦੌਰਾਨ ਨਗਰ ਨਿਗਮ ਦੀ ਮੀਟਿੰਗ ਵਿਚ ਪੇਸ਼ ਸਾਰੇ ਮਤੇ ਪਾਸ ਕਰ ਦਿੱਤੇ ਗਏ। ਪਾਰਕਾਂ ਦੀ ਸਾਂਭ ਸੰਭਾਲ ਨਿੱਜੀ ਕੰਪਨੀਆਂ ਨੂੰ ਦੇਣ ਦਾ ਮਤਾ ਪਾਸ ਕਰਦਿਆਂ ਸ਼ੁਰੂਆਤੀ ਦੌਰ ਵਿਚ ਪੰਜ ਪਾਰਕਾਂ ਤੋਂ ਟਰਾਇਲ ਕਰਨ ਦਾ ਫੈਸਲਾ ਲਿਆ ਗਿਆ।