ਨਿਗਮ ਮੀਟਿੰਗ ’ਚ ਹੰਗਾਮਾ: ਮੇਅਰ ਨੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਨੂੰ ਪੱਤਰ ਲਿਖਿਆ; ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਸਣੇ ਚਾਰ ਕੌਂਸਲਰਾਂ ਖਿਲਾਫ਼ ਕਾਰਵਾਈ ਮੰਗੀ
ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਇਕ ਅਸਧਾਰਨ ਪੇਸ਼ਕਦਮੀ ਤਹਿਤ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਇੱਕ ਪੱਤਰ ਲਿਖ ਕੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ ਸਮੇਤ 4 ਵਿਰੋਧੀ...
ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਇਕ ਅਸਧਾਰਨ ਪੇਸ਼ਕਦਮੀ ਤਹਿਤ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਇੱਕ ਪੱਤਰ ਲਿਖ ਕੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ ਸਮੇਤ 4 ਵਿਰੋਧੀ ਕੌਂਸਲਰਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ। ਪੱਤਰ ਵਿਚ ਦੋਸ਼ ਲਗਾਇਆ ਗਿਆ ਹੈ ਕਿ ਨਗਰ ਨਿਗਮ ਦੀ 30 ਸਤੰਬਰ ਨੂੰ ਹੋਈ ਆਖਰੀ ਹਾਊਸ ਮੀਟਿੰਗ ਦੌਰਾਨ ਇਨ੍ਹਾਂ ਚਾਰ ਕੌਂਸਲਰਾਂ ਨੇ ਦੁਰਵਿਵਹਾਰ ਕੀਤਾ, ਸਦਨ ਦੀ ਕਾਰਵਾਈ ਵਿਚ ਵਿਘਨ ਪਾਇਆ ਤੇ ਗੁੰਡਾਗਰਦੀ ਕੀਤੀ।
ਉਨ੍ਹਾਂ ਕਿਹਾ ਕਿ ਚਾਰ ਕੌਂਸਲਰਾਂ - ਪ੍ਰੇਮ ਲਤਾ (ਆਪ), ਜਸਬੀਰ ਸਿੰਘ ਬੰਟੀ (ਕਾਂਗਰਸ), ਤਰੁਣਾ ਮਹਿਤਾ (ਕਾਂਗਰਸ), ਸਚਿਨ ਗਾਲਵ (ਕਾਂਗਰਸ)- ਦਾ ਆਚਰਣ ਨਾ ਸਿਰਫ਼ ਸ਼ਰਮਨਾਕ ਬਲਕਿ ਮਾਣਮੱਤੀ ਜਮਹੂਰੀ ਸੰਸਥਾ ਦੇ ਮਾਣ ਅਤੇ ਕੰਮਕਾਜ ਨੂੰ ਕਮਜ਼ੋਰ ਕਰਨ ਦੀ ਇੱਕ ਗਿਣੀ-ਮਿਥੀ ਕੋਸ਼ਿਸ਼ ਸੀ।
ਮੇਅਰ ਨੇ ਪੱਤਰ ਵਿਚ ਕਿਹਾ ਕਿ ਉਨ੍ਹਾਂ ਦੀਆਂ ਵਿਘਨਕਾਰੀ ਕਾਰਵਾਈਆਂ ਹਮਲਾਵਰ ਵਿਰੋਧ ਨਾਲ ਸ਼ੁਰੂ ਹੋਈਆਂ ਜੋ ਕਈ ਘੰਟਿਆਂ ਤੱਕ ਚੱਲੀਆਂ ਤੇ ਇਸ ਨਾਲ ਚੰਡੀਗੜ੍ਹ ਦੇ ਨਾਗਰਿਕਾਂ ਦੀ ਭਲਾਈ ਲਈ ਬਣਾਏ ਗਏ ਵਿਕਾਸ ਏਜੰਡਿਆਂ ’ਤੇ ਚਰਚਾ ਨਹੀਂ ਹੋ ਸਕੀ।
ਮੇਅਰ ਨੇ ਕਿਹਾ ਕਿ ਇਨ੍ਹਾਂ ਚਾਰ ਕੌਂਸਲਰਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਹਾਊਸ ਦੇ ਮਿਨਟਸ ਦੀਆਂ ਅਧਿਕਾਰਤ ਕਾਪੀਆਂ ਪਾੜ ਕੇ ਸਦਨ ਦੇ ਐਨ ਵਿਚਾਲੇ ਸੁੱਟੀਆਂ। ਉਨ੍ਹਾਂ ਕਿਹਾ ਕਿ ਕੌਂਸਲਰਾਂ ਦਾ ਇਹ ਰਵੱਈਆ ਚੇਅਰ, ਸੰਸਥਾ ਅਤੇ ਨਗਰ ਨਿਗਮ ਦੇ ਅਧਿਕਾਰਤ ਰਿਕਾਰਡ ਵਿਰੁੱਧ ਸਿੱਧੀ ਅਤੇ ਪ੍ਰਤੱਖ ਅਪਮਾਨਜਨਕ ਕਾਰਵਾਈ ਹੈ।
ਉਨ੍ਹਾਂ ਪੱਤਰ ਵਿਚ ਰਾਜਪਾਲ ਨੂੰ ਅਪੀਲ ਕੀਤੀ ਕਿ ਸਬੰਧਤ ਕੌਂਸਲਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇੱਕ ਸਪੱਸ਼ਟ ਸੁਨੇਹਾ ਜਾਵੇ ਕਿ ਜਨਰਲ ਹਾਊਸ ਵਿਚ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਚੰਡੀਗੜ੍ਹ ਦੇ ਵਸਨੀਕਾਂ ਦਾ ਨਗਰ ਨਿਗਮ ਦੇ ਲੋਕਤੰਤਰੀ ਕੰਮਕਾਜ ਵਿੱਚ ਵਿਸ਼ਵਾਸ ਬਹਾਲ ਹੋਵੇ।