ਚੰਡੀਗੜ੍ਹ ਨਿਗਮ ਹਾਊਸ ਦੀ ਮੀਟਿੰਗ ਵਿੱਚ ਹੰਗਾਮਾ
ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਦੀ ਅਗਵਾਈ ਹੇਠ ਅੱਜ ਹੋਈ ਹਾਊਸ ਦੀ ਮੀਟਿੰਗ ਹੰਗਾਮਾ ਭਰਪੂਰ ਰਹੀ। ਹਾਲਾਂਕਿ ਸ਼ਹਿਰ ਵਿੱਚ ਸੜਕਾਂ ’ਤੇ ਕਾਰਪੈਟਿੰਗ ਨਾ ਕਰਵਾ ਕੇ ਪੈਚ ਵਰਕ ਕੀਤੇ ਜਾਣ ਅਤੇ ਸਫ਼ਾਈ ਵਰਗੇ ਮੁੱਦਿਆਂ ’ਤੇ ‘ਆਪ’ ਅਤੇ ਕਾਂਗਰਸ ਪਾਰਟੀ ਦੇ ਕੌਂਸਲਰ ਤਿਆਰੀ ਨਾਲ ਆਏ ਸਨ ਪਰ ਅੱਜ ਸੱਤਾਧਿਰ ਵੱਲੋਂ ਵਿਰੋਧੀ ਪਾਰਟੀਆਂ ਨਾਲ ਸਖ਼ਤ ਰੁਖ ਅਪਣਾਇਆ ਗਿਆ। ਨਗਰ ਨਿਗਮ ਕੋਲ ਫੰਡਾਂ ਦੀ ਕਮੀ ਦੇ ਹੁੰਦਿਆਂ ਸ਼ਹਿਰ ਦੀਆਂ ਵੀ-3 ਸੜਕਾਂ ਨੂੰ ਪ੍ਰਸ਼ਾਸਨ ਨੂੰ ਸੌਂਪਣ ਦਾ ਜਿਉਂ ਹੀ ਮੁੱਦਾ ਆਇਆ ਤਾਂ ਵਿਰੋਧੀ ਧਿਰਾਂ ਨੇ ਇਸ ਦਾ ਵਿਰੋਧ ਕੀਤਾ। ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਇਹ ਸੜਕਾਂ ਇੱਕ ਨਿਸ਼ਚਿਤ ਮਿਆਦ ’ਤੇ ਪ੍ਰਸ਼ਾਸਨ ਤੋਂ ਵਾਪਸ ਲੈਣ ਦੀ ਸ਼ਰਤ ਨਾਲ ਸੌਂਪਣ ਦੀ ਗੱਲ ਆਖੀ ਜਦ ਕਿ ‘ਆਪ’ ਦੇ ਕੌਂਸਲਰਾਂ ਨੇ ਇਸ ਮੁੱਦੇ ਉੱਤੇ ਵੋਟਿੰਗ ਕਰਵਾਉਣ ਦੀ ਮੰਗ ਰੱਖੀ। ਦੋਵਾਂ ਪਾਰਟੀਆਂ ਦਾ ਸਖ਼ਤ ਵਿਰੋਧ ਦੇਖ ਕੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸਖਤੀ ਵਰਤਦਿਆਂ ਮੀਟਿੰਗ ਹਾਲ ਵਿੱਚ ਮਾਰਸ਼ਲਾਂ ਨੂੰ ਬੁਲਾ ਲਿਆ ਅਤੇ ਦੋਵਾਂ ਪਾਰਟੀਆਂ ਦੇ ਕੌਂਸਲਰਾਂ ਨੂੰ ਮੀਟਿੰਗ ਹਾਲ ਵਿੱਚੋਂ ਬਾਹਰ ਕੱਢਣ ਦਾ ਹੁਕਮ ਦੇ ਦਿੱਤਾ। ਨਾਅਰੇਬਾਜ਼ਾ ਅਤੇ ਦੂਸ਼ਣਬਾਜ਼ੀ ਦੇ ਗਰਮਾਏ ਮਾਹੌਲ ਵਿੱਚ ਮਾਰਸ਼ਲਾਂ ਨੇ ‘ਆਪ’ ਦੇ ਕੌਂਸਲਰ ਯੋਗੇਸ਼ ਢੀਂਗਰਾ ਨੂੰ ਜ਼ਬਰਦਸਤੀ ਚੁੱਕ ਕੇ ਮੀਟਿੰਗ ਹਾਲ ਵਿੱਚੋਂ ਬਾਹਰ ਕੱਢ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਦਮਨਪ੍ਰੀਤ ਸਿੰਘ ਬਾਦਲ ਸਣੇ ਹੋਰਨਾਂ ਕੌਂਸਲਰਾਂ ਨੂੰ ਵੀ ਬਾਹਰ ਕੱਢਣ ਲਈ ਮਾਰਸ਼ਲ ਪਹੁੰਚੇ ਪਰ ਇਸੇ ਦੌਰਾਨ ‘ਆਪ’ ਅਤੇ ਕਾਂਗਰਸੀ ਕੌਂਸਲਰਾਂ ਵੱਲੋਂ ਮੀਟਿੰਗ ਵਿੱਚੋਂ ਵਾਕਆਊਟ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਦੋਵਾਂ ਪਾਰਟੀਆਂ ਦੇ ਕੌਂਸਲਰਾਂ ਨੂੰ ਮੀਟਿੰਗ ਹਾਲ ਵਿੱਚੋਂ ਬਾਹਰ ਕੱਢਣ ਉਪਰੰਤ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਮਾਈਕ ਰਾਹੀਂ ਅਨਾਊਂਸਮੈਂਟ ਕੀਤੀ ਕਿ ਹੁਣ ਵੋਟਿੰਗ ਕਰਵਾਈ ਜਾਵੇ ਜਦਕਿ ਉਸ ਵੇਲੇ ਹਾਲ ਵਿੱਚ ਸਿਰਫ ਤੇ ਸਿਰਫ ਭਾਜਪਾ ਕੌਂਸਲਰ ਹੀ ਬਾਕੀ ਬਚੇ ਸਨ। ਮੇਅਰ ਬਬਲਾ ਨੇ ਕਿਹਾ ਕਿ ਇੱਕ ਪਾਸੇ ਤਾਂ ‘ਆਪ’ ਅਤੇ ਕਾਂਗਰਸੀ ਕੌਂਸਲਰ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਦਾ ਮੀਡੀਆ ਰਾਹੀਂ ਜਲੂਸ ਕੱਢ ਰਹੇ ਹਨ ਅਤੇ ਦੂਜੇ ਪਾਸੇ ਸੜਕਾਂ ਦੀ ਹਾਲਤ ਸੁਧਾਰਨ ਲਈ ਪ੍ਰਸ਼ਾਸਨ ਨੂੰ ਸੌਂਪੇ ਜਾਣ ਦਾ ਵਿਰੋਧ ਵੀ ਕਰ ਰਹੇ ਹਨ। ਉਨ੍ਹਾਂ ਨੇ ਦੋਵੇਂ ਪਾਰਟੀਆਂ ਨੂੰ ਡਰਾਮੇਬਾਜ਼ ਵੀ ਦੱਸਿਆ। ਮੀਟਿੰਗ ਵਿੱਚ ਐੱਸਸੀ ਸ਼੍ਰੇਣੀ ਨਾਲ ਸਬੰਧਤ ‘ਆਪ’ ਦੇ ਕੌਂਸਲਰ ਕੁਲਦੀਪ ਕੁਮਾਰ ਢਿਲੋਡ ਅਤੇ ਭਾਜਪਾ ਕੌਂਸਲਰ ਮਨੋਜ ਸੋਨਕਰ ਵੀ ਕਿਸੇ ਮੁੱਦੇ ’ਤੇ ਗਾਲੀ ਗਲੋਚ ਹੋਏ। ‘ਆਪ’ ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਪ੍ਰੇਮ ਲਤਾ ਜਸਵਿੰਦਰ ਕੌਰ, ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ, ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਦਰਸ਼ਨਾ ਕੁਮਾਰੀ, ਭਾਜਪਾ ਕੌਂਸਲਰ ਅਮਰਜੀਤ ਸਿੰਘ ਰਾਣਾ, ਜਸਮਨਪ੍ਰੀਤ ਸਿੰਘ ਨੇ ਆਪੋ ਆਪਣੇ ਖੇਤਰਾਂ ਵਿੱਚ ਸਫ਼ਾਈ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਮੰਗ ਨੂੰ ਉਭਾਰਿਆ। ਕੌਂਸਲਰ ਸਤਿੰਦਰਪਾਲ ਸਿੰਘ ਸਿੱਧੂ ਅਤੇ ਮਨੋਜ ਸੋਨਕਰ ਨੇ ਪਿੰਡਾਂ ਵਿੱਚ ਸ਼ਾਮਲਾਟ ਜ਼ਮੀਨਾਂ ਨੂੰ ਐੱਸਸੀ ਭਾਈਚਾਰੇ ਲਈ ਹਾਊਸਿੰਗ ਸਕੀਮ ਆਦਿ ਵਾਸਤੇ ਵਰਤਣ ਦੀ ਗੱਲ ਰੱਖੀ। ਜਸਵਿੰਦਰ ਕੌਰ ਨੇ ਆਪਣੇ ਇਲਾਕੇ ਵਿੱਚ ਨਿਗਮ ਦੀ ਜ਼ਮੀਨ ’ਤੇ ਹੋਏ ਨਾਜਾਇਜ਼ ਕਬਜ਼ੇ ਨੂੰ ਖਾਲੀ ਨਾ ਕਰਵਾਏ ਜਾਣ ਉੱਤੇ ਗੁੱਸਾ ਪ੍ਰਗਟਾਇਆ।
ਕਾਂਗਰਸੀ ਅਤੇ ‘ਆਪ’ ਕੌਂਸਲਰਾਂ ਵੱਲੋਂ ਮੀਟਿੰਗ ਹਾਲ ਦੇ ਬਾਹਰ ਧਰਨਾ
ਸੜਕਾਂ ਦੇ ਮੁੱਦੇ ਉੱਤੇ ਹਾਊਸ ਮੀਟਿੰਗ ਵਿੱਚੋਂ ਵਾਕਆਊਟ ਕਰਕੇ ਬਾਹਰ ਆਏ ਕਾਂਗਰਸੀ ਅਤੇ ‘ਆਪ’ ਕੌਂਸਲਰਾਂ ਵੱਲੋਂ ਕਾਂਗਰਸ ਪ੍ਰਧਾਨ ਐੱਚਐੱਸ ਲੱਕੀ ਅਤੇ ‘ਆਪ’ ਪ੍ਰਧਾਨ ਵਿਜੈ ਕੁਮਾਰ ਦੀ ਅਗਵਾਈ ਹੇਠ ਸਾਂਝਾ ਧਰਨਾ ਦਿੱਤਾ ਗਿਆ। ਕੌਂਸਲਰਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਦੀਆਂ ਧੱਕੇਸ਼ਾਹੀਆਂ ਨੂੰ ਆਮ ਜਨਤਾ ਸਣੇ ਹਰੇਕ ਪਲੈਟਫਾਰਮ ’ਤੇ ਲਿਜਾਣ ਦੀ ਗੱਲ ਆਖੀ। ਲੱਕੀ ਨੇ ਕਿਹਾ ਕਿ ਭਾਜਪਾ ਆਪਣੇ ਮੇਅਰ ਰਾਹੀਂ ਇਸ ਲੋਕਤੰਤਰਿਕ ਸੰਸਥਾ ਮਿਊਂਸਿਪਲ ਕਾਰਪੋਰੇਸ਼ਨ ਨੂੰ ਬੰਦ ਕਰਕੇ ਪ੍ਰਸ਼ਾਸਨ ਦੇ ਹੱਥਾਂ ਵਿੱਚ ਸੌਂਪ ਦੇਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਪ੍ਰਸ਼ਾਸਨ ਵੱਲੋਂ ਕਾਰਪੋਰੇਸ਼ਨ ਨੂੰ ਵਿਕਾਸ ਕਾਰਜਾਂ ਲਈ ਫੰਡ ਮੁਹੱਈਆ ਨਹੀਂ ਕਰਵਾਏ ਜਾ ਰਹੇ ਹਨ।