ਵਾਈਸ ਚਾਂਸਲਰ ਸੈਨੇਟ ਚੋਣਾਂ ਕਰਵਾਉਣ ਲਈ ਰਾਜ਼ੀ
ਯੂਨੀਵਰਸਿਟੀ ਬਚਾਓ ਮੋਰਚੇ ਨਾਲ ਮੀਟਿੰਗ; ਵਿਦਿਆਰਥੀਆਂ ਨੇ ਲਿਖਤੀ ਕਾਰਵਾਈ ਮੰਗੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੁਰਾਣੀ ਸੈਨੇਟ ਬਹਾਲੀ ਦੀ ਮੰਗ ਲਈ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੇ ਗਏ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਅੱਜ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨਾਲ ਮੀਟਿੰਗ ਹੋਈ ਜਿਸ ਵਿੱਚ ਮੋਰਚੇ ਦੇ ਆਗੂਆਂ ਸਮੇਤ ਡੀਨ ਵਿਦਿਆਰਥੀ ਭਲਾਈ ਪ੍ਰੋ. ਅਮਿਤ ਚੌਹਾਨ ਅਤੇ ਪੰਜ ਮੈਂਬਰੀ ਸੀਨੀਅਰ ਅਧਿਆਪਕਾਂ ਦਾ ਵਫ਼ਦ ਸ਼ਾਮਲ ਹੋਇਆ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀ ਆਗੂ ਸੰਦੀਪ, ਜੋਬਨ ਤੇ ਨਵਨੀਤ ਆਦਿ ਨੇ ਦੱਸਿਆ ਕਿ ਵਾਈਸ ਚਾਂਸਲਰ ਨੇ ਲਗਪਗ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਮੋਰਚੇ ਨੂੰ ਧਰਨਾ ਖ਼ਤਮ ਕਰਨ ਲਈ ਕਿਹਾ ਤਾਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ 91 ਮੈਂਬਰੀ ਪੁਰਾਣੀ ਸੈਨੇਟ ਦੀਆਂ ਚੋਣਾਂ ਦਾ ਪ੍ਰੋਗਰਾਮ (ਸ਼ਡਿਊਲ) ਜਾਰੀ ਕਰਵਾਉਣਾ ਹੈ। ਜੇਕਰ ਅਥਾਰਿਟੀ ਲਿਖਤੀ ਰੂਪ ਵਿੱਚ ਸ਼ਡਿਊਲ ਜਾਰੀ ਕਰਵਾਉਣ ਦਾ ਭਰੋਸਾ ਦਿੰਦੀ ਹੈ ਤਾਂ ਧਰਨਾ ਖ਼ਤਮ ਕੀਤਾ ਜਾ ਸਕਦਾ ਹੈ। ਇਸ ’ਤੇ ਵਾਈਸ ਚਾਂਸਲਰ ਨੇ ਕੁਝ ਦਿਨਾਂ ਦਾ ਸਮਾਂ ਮੰਗਿਆ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਸਾਰਥਕ ਰਹੀ ਅਤੇ ਸੁਖਾਵੇਂ ਮਾਹੌਲ ਵਿੱਚ ਹੋਈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਾਈਸ ਚਾਂਸਲਰ ਆਪਣੇ ਦਿੱਤੇ ਭਰੋਸੇ ਮੁਤਾਬਕ ਜਲਦ ਹੀ ਚੋਣਾਂ ਦੇ ਸ਼ਡਿਊਲ ਬਾਰੇ ਕੋਈ ਲਿਖਤੀ ਕਾਰਵਾਈ ਕਰਨਗੇ ਜਿਸ ਉਪਰੰਤ ਮੋਰਚੇ ਵੱਲੋਂ ਧਰਨਾ ਸਮਾਪਤ ਕਰਨ ਬਾਰੇ ਸੋਚਿਆ ਜਾ ਸਕਦਾ ਹੈ।
ਉਗਰਾਹਾਂ ਵੱਲੋਂ ਧਰਨੇ ਦੀ ਹਮਾਇਤ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅੱਜ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਥਾਰਿਟੀ ਦੇ ਵਿਦਿਆਰਥੀਆਂ ਪ੍ਰਤੀ ਰਵੱਈਏ ਦੀ ਨਿੰਦਾ ਵੀ ਕੀਤੀ।
ਮੋਰਚੇ ਤੋਂ ਵੱਖ ਹੋਇਆ ਜੁਆਇੰਟ ਸਕੱਤਰ ਮੰਡੇਰਾਣਾ
ਵਿਦਿਆਰਥੀ ਕੌਂਸਲ ਦੇ ਜੁਆਇੰਟ ਸਕੱਤਰ ਮੋਹਿਤ ਮੰਡੇਰਣਾ ਨੇ ਅੱਜ ਖ਼ੁਦ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਤੋਂ ਵੱਖ ਕਰ ਲਿਆ ਹੈ। ਮੋਹਿਤ ਨੇ ਦੋਸ਼ ਲਗਾਇਆ ਕਿ ਸਿਰਫ਼ ਜਦੋਂ ਇਹ ਮੋਰਚਾ ਬਣਿਆ ਸੀ ਤਾਂ ਮੁੱਦਾ ਸਿਰਫ਼ ਸੈਨੇਟ-ਸਿੰਡੀਕੇਟ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਕਰਵਾਉਣ ਦਾ ਸੀ। ਬਾਅਦ ਵਿੱਚ ਮੋਰਚੇ ਦੇ ਕੁਝ ਵਿਅਕਤੀਆਂ ਵੱਲੋਂ ਅਜਿਹੀਆਂ ਗੱਲਾਂ ਕੀਤੀਆਂ ਜਾਣ ਲੱਗੀਆਂ ਜਿਹੜੀਆਂ ਕਿ ਧਰਮ, ਖੇਤਰ ਅਤੇ ਪੰਜਾਬ-ਹਰਿਆਣਾ-ਹਿਮਾਚਲ ਸਮੇਤ ਹੋਰ ਸੂਬਿਆਂ ਦੇ ਵਿਦਿਆਰਥੀਆਂ ਦੇ ਆਪਸੀ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਲੱਗੀਆਂ। ਉਸ ਨੇ ਕਿਹਾ ਕਿ ਉਹ ਸੈਨੇਟ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਆਪਣੀ ਵੱਖਰੀ ਲੜਾਈ ਜਾਰੀ ਰੱਖੇਗਾ।

