ਵੱਲਭ ਭਾਈ ਪਟੇਲ ਦੀ ਜੈਅੰਤੀ ਸਬੰਧੀ ਏਕਤਾ ਮਾਰਚ
ਕਟਾਰੀਆ ਨੇ ਲੋਕਾਂ ਨੂੰ ਰਾਸ਼ਟਰੀ ਅਖੰਡਤਾ ਅਤੇ ਸੱਭਿਆਚਾਰਕ ਸਦਭਾਵਨਾ ਬਣਾਈ ਰੱਖਣ ਦਾ ਸੱਦਾ ਦਿੱਤਾ
ਯੂਟੀ ਪ੍ਰਸ਼ਾਸਨ ਵੱਲੋਂ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ’ਤੇ ਚੰਡੀਗੜ੍ਹ ਦੇ ਸੈਕਟਰ-17 ਸਥਿਤ ਤਿਰੰਗਾ ਪਾਰਕ ਵਿੱਚੋਂ ਏਕਤਾ ਮਾਰਚ ਕੱਢਿਆ ਗਿਆ ਹੈ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਡ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਨੇ ਏਕਤਾ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤੀ। ਇਸ ਏਕਤਾ ਮਾਰਚ ਵਿੱਚ 10 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਐੱਨ ਐੱਸ ਐੱਸ ਵਾਲੰਟੀਅਰ, ਕਾਲਜ ਵਿਦਿਆਰਥੀ, ਵੱਖ-ਵੱਖ ਸੰਸਥਾਵਾਂ ਦੇ ਆਗੂ ਸ਼ਾਮਲ ਸਨ। ਪੰਜਾਬ ਦੇ ਰਾਜਪਾਲ ਤੇ ਯੂ ਟੀ ਦੇ ਪ੍ਰਸ਼ਾਸਕ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭਾਰਤ ਦੀ ਅਖੰਡਤਾ ਤੇ ਰਾਸ਼ਟਰੀ ਏਕਤਾ ਦੇ ਨਿਰਮਾਣ ਵਿੱਚ ਵਲੱਭ ਭਾਈ ਪਟੇਲ ਦਾ ਯੋਗਦਾਨ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਯੋਗਦਾਨ ਪਾਉਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਰਾਸ਼ਟਰੀ ਅਖੰਡਤਾ ਅਤੇ ਸੱਭਿਆਚਾਰਕ ਸਦਭਾਵਨਾ ਬਣਾਈ ਰੱਖਣ ਦਾ ਸੱਦਾ ਦਿੱਤਾ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਭਾਰਤ ਸਰਕਾਰ ਦੇ ਵਧੀਕ ਸੌਲੀਸਿਟਰ ਜਨਰਲ ਸਤਪਾਲ ਜੈਨ ਸ਼ਾਮਲ ਹਨ। ਇਸ ਏਕਤਾ ਮਾਰਚ ਵਿੱਚ ਵੱਖ-ਵੱਖ ਸੂਬਿਆਂ ਤੋਂ ਆਏ ਲੋਕਾਂ ਨੇ ਆਪੋ-ਆਪਣੇ ਸੂਬੇ ਨਾਲ ਸਬੰਧਤ ਰਿਵਾਇਤੀ ਕੱਪੜੇ ਪਾਏ, ਜਿਸ ਨਾਲ ਇੱਕੋ ਥਾਂ ’ਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੱਛਮੀ ਬੰਗਾਲ, ਰਾਜਸਥਾਨ ਅਤੇ ਕੇਰਲ ਦਾ ਪਹਿਰਾਵਾ ਦੇਖਣ ਨੂੰ ਮਿਲਿਆ। ਏਕਤਾ ਮਾਰਚ ਸੈਕਟਰ-17 ਤਿਰੰਗਾ ਪਾਰਕ ਤੋਂ ਸ਼ੁਰੂ ਹੋ ਕੇ ਸੈਕਟਰ- 18 ਤੇ 19 ਵਿੱਚੋਂ ਹੁੰਦਾ ਤਿਰੰਗਾ ਪਾਰਕ ਵਿੱਚ ਸਮਾਪਤ ਹੋਇਆ।

