ਕੇਂਦਰੀ ਮੰਤਰੀ ਖੱਟਰ ਵੱਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ
ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਸੈਕਟਰ 22 ਮਾਰਕੀਟ ਚੰਡੀਗੜ੍ਹ ਤੋਂ ‘ਸਵੱਛਤਾ ਹੀ ਸੇਵਾ-ਏਕ ਦਿਨ-ਏਕ ਘੰਟਾ-ਏਕ ਸਾਥ ਸ਼੍ਰਮਦਾਨ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਵਿੱਚ ਅਧਿਕਾਰੀਆਂ, ਨਾਗਰਿਕਾਂ, ਮਾਰਕੀਟ ਵੈੱਲਫ਼ੇਅਰ ਐਸੋਸੀਏਸ਼ਨਾਂ, ਸਿਵਲ ਡਿਫੈਂਸ ਅਤੇ ਸਫਾਈ...
ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਸੈਕਟਰ 22 ਮਾਰਕੀਟ ਚੰਡੀਗੜ੍ਹ ਤੋਂ ‘ਸਵੱਛਤਾ ਹੀ ਸੇਵਾ-ਏਕ ਦਿਨ-ਏਕ ਘੰਟਾ-ਏਕ ਸਾਥ ਸ਼੍ਰਮਦਾਨ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਵਿੱਚ ਅਧਿਕਾਰੀਆਂ, ਨਾਗਰਿਕਾਂ, ਮਾਰਕੀਟ ਵੈੱਲਫ਼ੇਅਰ ਐਸੋਸੀਏਸ਼ਨਾਂ, ਸਿਵਲ ਡਿਫੈਂਸ ਅਤੇ ਸਫਾਈ ਮਿੱਤਰਾਂ ਸਣੇ ਵਾਲੰਟੀਅਰਾਂ ਨੇ ਹਿੱਸਾ ਲਿਆ। ਇਨ੍ਹਾਂ ਸਮਾਗਮਾਂ ਵਿੱਚ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵੀ ਸ਼ਿਰਕਤ ਕੀਤੀ।
ਪੰਡਿਤ ਦੀਨ ਦਿਆਲ ਉਪਾਧਿਆਏ ਜੈਅੰਤੀ ਮੌਕੇ ਕਰਵਾਏ ਇਸ ਸਮਾਗਮ ਦੀ ਸ਼ੁਰੂਆਤ ਸਫ਼ਾਈ ਕਰਮਚਾਰੀ ਦੀ ਧੀ ਨੂੰ ਫਲਾਂ ਦੀ ਟੋਕਰੀ ਭੇਟ ਕਰਨ ਨਾਲ ਹੋਈ। ਇਸ ਤੋਂ ਬਾਅਦ ਮੁੱਖ ਮਹਿਮਾਨ ਨੂੰ ‘ਦਸਤਖ਼ਤ ਬੋਰਡ’ ਤੱਕ ਲਿਜਾਇਆ ਗਿਆ। ਇਸ ਦੌਰਾਨ ਕੱਪੜੇ ਦੇ ਥੈਲੇ ਵੀ ਵੰਡੇ ਗਏ ਤਾਂ ਜੋ ਸ਼ਹਿਰ ਵਾਸੀਆਂ ਨੂੰ ਈਕੋ-ਫ੍ਰੈਂਡਲੀ ਆਦਤਾਂ ਪਾਈਆਂ ਜਾ ਸਕਣ ਅਤੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਹੁਲਾਰਾ ਦਿੱਤਾ ਜਾ ਸਕੇ। ਇਸ ਮੌਕੇ ਕੇਂਦਰੀ ਮੰਤਰੀ ਸ੍ਰੀ ਖੱਟਰ ਨੇ ਸਮਾਗਮ ਵਿੱਚ ਸ਼ਾਮਲ ਸਾਰਿਆਂ ਨੂੰ ‘ਸਵੱਛਤਾ ਦੀ ਸਹੁੰ’ ਵੀ ਚੁਕਾਈ ਅਤੇ ਉਨ੍ਹਾਂ ਨੇ ਖ਼ੁਦ ਝਾੜੂ ਲਗਾ ਕੇ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਵਾਈ। ਸ੍ਰੀ ਖੱਟਰ ਨੇ ਹਰੇਕ ਨਾਗਰਿਕ ਦੀ ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਾਂ ਹੀ ਸਫ਼ਲ ਹੋ ਸਕੇਗਾ ਜਦੋਂ ਹਰੇਕ ਨਾਗਰਿਕ ਇਸ ਦੀ ਜ਼ਿੰਮੇਦਾਰੀ ਚੁੱਕੇਗਾ। ਉਨ੍ਹਾਂ ਕਿਹਾ ਕਿ ਸਵੱਛਤਾ ਕੇਵਲ ਸਰਕਾਰੀ ਪ੍ਰੋਗਰਾਮ ਨਹੀਂ ਹੈ, ਬਲਕਿ ਇਹ ਇੱਕ ਜਨ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਕੁਦਰਤੀ ਤੌਰ ’ਤੇ ਸਫ਼ਾਈ ਵੱਲ ਖਿੱਚੇ ਜਾਂਦੇ ਹਾਂ, ਉਸੇ ਤਰ੍ਹਾਂ ਘਰਾਂ, ਦੁਕਾਨਾਂ, ਪੂਜਾ ਸਥਾਨਾਂ, ਸਕੂਲਾਂ, ਹਸਪਤਾਲਾਂ, ਕਮਿਊਨਿਟੀ ਸੈਂਟਰਾਂ ਅਤੇ ਜਨਤਕ ਸਥਾਨਾਂ ’ਤੇ ਵੀ ਸਫ਼ਾਈ ਨੂੰ ਬਰਾਬਰ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਸਾਰਿਆਂ ਨੂੰ ਇਹ ਸੰਦੇਸ਼ ਦਿੱਤਾ ਕਿ ਸਵੱਛਤਾ ਨੂੰ ਇੱਕ ਰੋਜ਼ਾਨਾ ਆਦਤ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਂਤ ਕੁਮਾਰ ਯਾਦਵ ਆਈ.ਏ.ਐੱਸ., ਸਪੈਸ਼ਲ ਕਮਿਸ਼ਨਰ ਨਗਰ ਨਿਗਮ ਪ੍ਰਦੀਪ ਕੁਮਾਰ ਆਈ.ਏ.ਐੱਸ., ਐੱਸ.ਡੀ.ਐੱਮ. ਸਾਊਥ ਈਸ਼ਾ ਕੰਬੋਜ ਐੱਚ.ਸੀ.ਐੱਸ., ਨਿਗਮ ਦੇ ਮੇਅਰ ਹਰਪ੍ਰੀਤ ਕੌਰ ਬਬਲਾ, ਭਾਜਪਾ ਆਗੂ ਸੰਜੇ ਟੰਡਨ ਮੌਜੂਦ ਰਹੇ।