ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦਾ ਧਰਨਾ ਆਜ਼ਾਦੀ ਦਿਵਸ ਮੌਕੇ ਵੀ ਰਿਹਾ ਜਾਰੀ
ਬੇਰੁਜ਼ਗਾਰ ਅਧਿਆਪਕ ਭਰਤੀ ਸਬੰਧੀ ਨੋਟੀਫਿਕੇਸ਼ਨ ਰੱਦ ਕਰਨ ਦਾ ਕਰ ਰਹੇ ਹਨ ਵਿਰੋਧ
Advertisement
ਨਵੀਂ ਬੇਰੁਜ਼ਗਾਰ ਪੀਟੀਆਈ ਯੂਨੀਅਨ ਵੱਲੋਂ ਮੁਹਾਲੀ ਦੇ ਸਿੱਖਿਆ ਵਿਭਾਗ ਦੇ ਦਫ਼ਤਰ ਸਾਹਮਣੇ ਲਗਾਇਆ ਧਰਨਾ ਅੱਜ ਚੌਥੇ ਦਿਨ ਆਜ਼ਾਦੀ ਦਿਹਾੜੇ ਮੌਕੇ ਵੀ ਜਾਰੀ ਰਿਹਾ। ਯੂਨੀਅਨ ਦੇ ਆਗੂ ਸੁੱਖ ਭੰਗੂ ਅਤੇ ਅਮਨਦੀਪ ਕੰਬੋਜ ਨੇ ਦੱਸਿਆ ਕਿ ਪੀਟੀਆਈ ਅਧਿਆਪਕਾਂ ਦੀਆਂ 2000 ਪੋਸਟਾਂ ਦਾ 23 ਜੁਲਾਈ ਨੂੰ ਪੋਰਟਲ ਆਨਲਾਈਨ ਕੀਤਾ ਗਿਆ ਸੀ ਪਰ 11 ਅਗਸਤ ਨੂੰ ਨੋਟੀਫਿਕੇਸ਼ਨ ਭਰਤੀ ਬੋਰਡ ਵੱਲੋਂ ਵਾਪਸ ਲੈ ਲਿਆ ਗਿਆ।
ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਸਿੱਖਿਆ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਭਰਤੀ ਦੇ ਉੱਪਰ ਕੇਸ ਹੋ ਗਿਆ ਹੈ ਤੇ ਜੱਜ ਸਾਹਿਬ ਵੱਲੋਂ ਇਹ ਨੋਟੀਫਿਕੇਸ਼ਨ ਵਾਪਸ ਲੈਣ ਲਈ ਕਿਹਾ ਗਿਆ ਹੈ। ਵਿਭਾਗ ਨੇ ਕਿਹਾ ਕਿ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਇਨ੍ਹਾਂ ਰੂਲਾਂ ’ਤੇ ਨਜ਼ਰਸਾਨੀ ਕਰੇਗੀ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਜਦੋਂ ਯੂਨੀਅਨ ਵੱਲੋਂ ਇਸ ਕੇਸ ਨੂੰ ਘੋਖਿਆ ਗਿਆ ਤਾਂ ਜੱਜਮੈਂਟ ਵਿੱਚ ਅਜਿਹਾ ਕੁਝ ਵੀ ਨਹੀਂ ਪਾਇਆ ਗਿਆ।
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਇਹ ਮਨਸ਼ਾ ਸਾਬਤ ਕਰਦੀ ਹੈ ਕਿ ਇਹ ਭਰਤੀ ਨੂੰ ਉਹ ਰੋਲਣਾ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ ਕੋਰਟ ਵੱਲੋਂ ਨਾ ਕੋਈ ਸਟੇਅ ਕੀਤਾ ਗਿਆ ਅਤੇ ਨਾ ਹੀ ਜੱਜ ਸਾਹਿਬ ਵੱਲੋਂ ਕੋਈ ਆਰਡਰ ਜਾਰੀ ਕੀਤੇ ਗਏ। ਪੀਟੀਆਈ ਯੂਨੀਅਨ ਵੱਲੋਂ ਲਾਇਆ ਰੋਸ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਰਤੀ ਲਈ ਆਨਲਾਈਨ ਪੋਰਟਲ ਨਹੀਂ ਖੋਲ੍ਹਿਆ ਜਾਂਦਾ ਉਦੋਂ ਤੱਕ ਪੱਕਾ ਧਰਨਾ ਜਾਰੀ ਰਹੇਗਾ।
Advertisement
×