ਪੀਟੀਆਈ ਦੀਆਂ 2000 ਅਸਾਮੀਆਂ ਦੀ ਭਰਤੀ ਲਈ ਬਿਨੈਪੱਤਰ ਭਰਨ ਦਾ ਪੋਰਟਲ ਖੋਲਣ ਉਪਰੰਤ ਕੁਝ ਦਿਨਾਂ ਬਾਅਦ ਬੰਦ ਕਰਨ ਦੇ ਰੋਸ ਵਿਚ ਪਿਛਲੇ ਕਈਂ ਦਿਨਾਂ ਤੋਂ ਸਿੱਖਿਆ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਧਰਨਾ ਲਗਾਈ ਬੈਠੀ ਨਵੀਂ ਬੇਰੁਜ਼ਗਾਰ ਪੀਟੀਆਈ ਯੂਨੀਅਨ ਨੇ 31 ਅਗਸਤ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਪਿੰਡ ਗੰਭੀਰਪੁਰ ਵਿਖੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ।ਯੂਨੀਅਨ ਦੇ ਪ੍ਰਧਾਨ ਅਮਨਦੀਪ ਕੰਬੋਜ, ਗੁਰਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਵਿਨੇ ਕੰਬੋਜ, ਦਵਿੰਦਰ ਕੰਬੋਜ, ਸੁਖਚੈਨ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਊਸਾ ਰਾਣੀ, ਗੁਰਮੀਤ ਕੌਰ, ਸੁਖਪ੍ਰੀਤ ਸਿੰਘ, ਗੁਰਲਾਲ ਸਿੰਘ, ਗਗਨਦੀਪ ਸਿੰਘ, ਰਿੰਪੂ ਬਰਾੜ ਅਤੇ ਹੋਰਨਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪੀਟੀਆਈ ਭਰਤੀ ਲਈ 23-7-2025 ਨੂੰ ਪੋਰਟਲ ਖੋਲਿਆ ਗਿਆ ਸੀ ਅਤੇ 11-8-2025 ਨੂੰ ਭਰਤੀ ਸਬੰਧੀ ਜਾਰੀ ਨੋਟੀਫ਼ਿਕੇਸ਼ਨ ਵਾਪਿਸ ਲੈ ਕੇ ਪੋਰਟਲ ਬੰਦ ਕਰ ਦਿੱਤਾ।ਉਨ੍ਹਾਂ ਕਿਹਾ ਕਿ ਪੀਟੀਆਈ ਦੀ ਲੰਮੇ ਸਮੇਂ ਵਿਚ ਕਦੇ ਭਰਤੀ ਨਹੀਂ ਹੋਈ, ਜਿਸ ਕਾਰਨ ਸੈਂਕੜੇ ਪੀਟੀਆਈ ਅਧਿਆਪਕ ਪਹਿਲਾਂ ਹੀ ਓਵਰਏਜ਼ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਨਵੀਂ ਖੇਡ ਨੀਤੀ ਬਣਾ ਰਹੀ ਹੈ ਪਰ ਦੂਜੇ ਪਾਸੇ ਹਜ਼ਾਰਾਂ ਖਾਲੀ ਪਈਆਂ ਪੀਟੀਆਈ ਦੀਆਂ ਆਸਾਮੀਆਂ ਉੱਤੇ ਭਰਤੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਵਿਭਾਗ ਵੱਲੋਂ ਮਾਮਲਾ ਅਦਾਲਤ ਵਿਚ ਜਾਣ ਦੀ ਦਲੀਲ ਤਹਿਤ ਨੋਟੀਫ਼ਿਕੇਸ਼ਨ ਵਾਪਿਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਸ ਸਭ ਦੇ ਵਿਚਾਲੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਮਨਸ਼ਾ ਸਾਫ਼ ਵਿਖਾਈ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਰਤੀ ਪੋਰਟਲ ਦੁਬਾਰਾ ਨਹੀਂ ਖੋਲਿਆ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਧਰਨਾ ਲਗਾਤਾਰ ਜਾਰੀ ਰਹੇਗਾ।