ਹਰਮਿਲਾਪ ਨਗਰ ਫਾਟਕ ’ਤੇ ਬਣੇਗਾ ਜ਼ਮੀਨਦੋਜ਼ ਪੁਲ
ਚੰਡੀਗੜ੍ਹ ਪ੍ਰਸ਼ਾਸਨ ਨੇ ਉਸਾਰੀ ਲਈ 50 ਫ਼ੀਸਦੀ ਹਿੱਸੇਦਾਰੀ ਦੇਣ ’ਤੇ ਸਹਿਮਤੀ ਪ੍ਰਗਟਾਈ
ਇੱਥੋਂ ਦੇ ਬਲਟਾਣਾ ਖੇਤਰ ਵਿੱਚ ਅਧੀਨ ਪੈਂਦੇ ਹਰਮਿਲਾਪ ਨਗਰ ਰੇਲਵੇ ਫਾਟਕ ’ਤੇ ਲੰਮੇ ਸਮੇਂ ਤੋਂ ਲਮਕ ਰਹੀ ਅੰਡਰਬਰਿੱਜ ਦੀ ਸਮੱਸਿਆ ਦਾ ਹੁਣ ਹੱਲ ਹੋਣ ਦੀ ਸੰਭਾਵਨਾ ਬਣ ਗਈ ਹੈ। ਇਸ ਦੀ ਉਸਾਰੀ ਲਈ ਯੂਟੀ ਪ੍ਰਸ਼ਾਸਨ ਨੇ 50 ਫ਼ੀਸਦੀ ਹਿੱਸੇਦਾਰੀ ਵਜੋਂ ਕਰੀਬ ਛੇ ਕਰੋੜ ਰੁਪਏ ਦੇਣ ’ਤੇ ਸਹਿਮਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਚਕੂਲਾ ਅਤੇ ਜ਼ੀਰਕਪੁਰ ਵਿਚਕਾਰ ਲੰਮੇ ਸਮੇਂ ਤੋਂ ਅੰਬਾਲਾ ਕਾਲਕਾ ਰੇਲਵੇ ਲਾਈਨ ’ਤੇ ਹਰਮਿਲਾਪ ਨਗਰ ਵਿੱਚ ਬਣਿਆ ਰੇਲਵੇ ਫਾਟਕ ਦਿਨ ਵਿੱਚ ਰੇਲ ਗੱਡੀਆਂ ਲੰਘਾਉਣ ਲਈ ਕਈ ਵਾਰ ਬੰਦ ਕਰਨਾ ਪੈਂਦਾ ਹੈ। ਸਿੱਟੇ ਵਜੋਂ ਜ਼ੀਰਕਪੁਰ ਅਤੇ ਪੰਚਕੂਲਾ ਦੇ ਲੋਕਾਂ ਨੂੰ ਵਾਰ-ਵਾਰ ਫਾਟਕ ਬੰਦ ਹੋਣ ਕਾਰਨ ਲੋਕਾਂ ਨੂੰ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਡਰਬਰਿੱਜ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਜਥੇਬੰਦੀ ਜੁਆਇੰਟ ਐਕਸ਼ਨ ਕਮੇਟੀ ਫਾਰ ਵੈੱਲਫੇਅਰ ਆਫ ਬਲਟਾਣਾ ਰੈਜੀਡੈਂਟਸ ਦੇ ਪ੍ਰਧਾਨ ਪ੍ਰਤਾਪ ਰਾਣਾ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਦੀ ਸਹਿਮਤੀ ਮਗਰੋਂ ਹੁਣ ਛੇਤੀ ਟੈਂਡਰ ਲੱਗ ਜਾਵੇਗਾ। ਜਾਣਕਾਰੀ ਅਨੁਸਾਰ ਇਸ ਦੀ ਕੁੱਲ ਲੰਬਾਈ 14 ਮੀਟਰ ਅਤੇ ਉੱਚਾਈ ਸਾਢੇ ਤਿੰਨ ਮੀਟਰ ਹੋਵੇਗੀ, ਇਸ ਲਈ ਪੰਜ ਕਨਾਲ 9 ਮਰਲਾ ਜ਼ਮੀਨ ਐਕੁਆਇਰ ਕੀਤੀ ਗਈ ਹੈ। ਪੈਦਲ ਅਤੇ ਸਾਈਕਲ ਲਈ ਵੱਖ ਤੋਂ ਦੋ ਮੀਟਰ ਦੀ ਲੇਨ ਬਣੇਗੀ। ਜਦਕਿ ਵਾਹਨ ਚਾਲਕਾਂ ਲਈ ਦੋ ਦੋ ਸਪੈਨ ਅਤੇ ਹਰੇਕ ਸਪੈਨ ਸਾਢੇ ਪੰਜ ਮੀਟਰ ਚੌੜੇ ਹੋਣਗੇ। ਰੇਲਵੇ ਵਿਭਾਗ ਦੇ ਡੀ ਸੀ ਐੱਮ ਅੰਬਾਲਾ ਨਵੀਨ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਤੋਂ ਸਹਿਮਤੀ ਪੱਤਰ ਮਿਲਣ ਮਗਰੋਂ ਹੁਣ ਛੇਤੀ ਟੈਂਡਰ ਅਲਾਟ ਕਰ ਕੇ ਕੰਮ ਚਾਲੂ ਕਰ ਦਿੱਤਾ ਜਾਵੇਗਾ।

