ਸ਼ਹਿਰ ਵਿੱਚ ਆਤਿਸ਼ਬਾਜ਼ੀ ਦੀਆਂ ਅਣ-ਅਧਿਕਾਰਿਤ ਦੁਕਾਨਾਂ ਖ਼ਿਲਾਫ਼ ਪ੍ਰਸ਼ਾਸ਼ਨ ਦੀ ਕਾਰਵਾਈ ਰਾਤੋ-ਰਾਤ ਖੰਭ ਲਗਾ ਕੇ ਉੱਡ ਗਈ। ਪ੍ਰਸ਼ਾਸਨ ਦੀ ਟੀਮ ਵਲੋਂ ਬੰਦ ਕਰਵਾਈਆਂ ਦੁਕਾਨਾਂ ਅੱਜ ਫਿਰ ਖੁੱਲ੍ਹ ਗਈਆਂ। ਸ਼ਨਿਚਰਵਾਰ ਸ਼ਾਮ ਨੂੰ ਐੱਸਡੀਐੱਮ ਖਰੜ ਨੇ ਲਾਇਸੈਂਸ ਤੋਂ ਬਗੈਰ ਕਰੀਬ 50 ਦੁਕਾਨਾਂ ਬੰਦ ਕਰਵਾ ਕੇ ਨਗਰ ਕੌਂਸਲ ਨੂੰ ਤਾਲੇ ਲਗਾ ਕੇ ਸੀਲ ਕਰਨ ਦੀ ਹਦਾਇਤ ਕੀਤੀ ਸੀ ਪਰ ਅੱਜ ਸਵੇਰ ਹੁੰਦਿਆਂ ਹੀ ਸਾਰੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਨਜ਼ਰ ਆਈਆਂ। ਪ੍ਰਸ਼ਾਸਨ ਦੀ ਟੀਮ ਵੱਲੋਂ ਕੀਤੀ ਕਾਰਵਾਈ ਦੇ ਕੁਝ ਘੰਟੇ ਬਾਅਦ ਹੀ ਆਤਿਸ਼ਬਾਜ਼ੀ ਦੀ ਅਣ-ਅਧਿਕਾਰਿਤ ਮਾਰਕਿਟ ਮੋਰਿੰਡਾ ਰੋਡ ਅਤੇ ਬਡਾਲੀ ਰੋਡ ’ਤੇ ਆਮ ਵਾਂਗ ਸਜ ਗਈ।
ਜ਼ਿਕਰਯੋਗ ਹੈ ਸ਼ਹਿਰ ਵਿੱਚ ਕਰੀਬ 30 ਦੁਕਾਨਦਾਰਾਂ ਕੋਲ ਆਤਿਸ਼ਬਾਜ਼ੀ ਵੇਚਣ ਤੇ ਭੰਡਾਰਨ ਸਬੰਧੀ ਲਾਇਸੈਂਸ ਹਨ ਪਰ ਬਡਾਲੀ ਰੋਡ, ਮੋਰਿੰਡਾ ਰੋਡ ਅਤੇ ਚੰਡੀਗੜ੍ਹ ਰੋਡ ’ਤੇ 300 ਤੋਂ ਵੀ ਵਧੇਰੇ ਦੁਕਾਨਾਂ ਖੁੱਲ੍ਹ ਚੁੱਕੀਆਂ ਹਨ ਅਤੇ ਇਨ੍ਹਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਹੋ ਨਹੀਂ ਸਗੋਂ ਆਤਿਸ਼ਬਾਜ਼ੀ ਭੰਡਾਰਨ ਸਬੰਧੀ ਵੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ। ਸ਼ਹਿਰ ਦੀ ਹੱਦ ’ਚ ਰਿਹਾਇਸ਼ੀ ਕਲੋਨੀਆਂ, ਪਾਵਰਕੌਮ ਤੇ ਰੇਵਲੇ ਦੇ ਬਿਜਲੀ ਗਰਿੱਡਾਂ ਅਤੇ ਸਕੂਲਾਂ ਨੇੜੇ ਆਤਿਸ਼ਬਾਜ਼ੀ ਦੀਆਂ ਦੁਕਾਨਾਂ ਚੱਲ ਰਹੀਆਂ ਹਨ ਤੇ ਭਾਰੀ ਮਾਤਰਾ ਆਤਿਸ਼ਬਾਜ਼ੀ ਭੰਡਾਰ ਕੀਤੀ ਹੋਈ ਹੈ।
ਮਾਮਲੇ ਤੋਂ ਅਧਿਕਾਰੀ ਅਣਜਾਣ
ਥਾਣਾ ਸਿਟੀ ਦੇ ਐੱਸਐੱਚਓ ਗੌਰਵਬੰਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕਾਰਵਾਈ ਕਰਨ ਲਈ ਕੋਈ ਹਦਾਇਤ ਨਹੀਂ ਹੋਈ ਜਦਕਿ ਉਹ ਅਮਨ ਕਾਨੂੰਨ ਦੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਜਨੀਸ਼ ਸੂਦ ਨੇ ਕਿਹਾ ਕਿ ਉਨ੍ਹਾਂ ਜਿਹੜੀਆਂ ਦੁਕਾਨਾਂ ਨੂੰ ਤਾਲੇ ਲਾਏ ਗਏ ਸਨ, ਕਿਸੇ ਦੀ ਵੀ ਚਾਬੀ ਨਹੀਂ ਮੋੜੀ। ਦੁਕਾਨਾਂ ਮੁੜ ਖੁੱਲ੍ਹਣ ਸਬੰਧੀ ਉਨ੍ਹਾਂ ਅਣਜਾਣ ਹੋਣ ਦਾ ਪ੍ਰਗਟਾਵਾ ਕੀਤਾ।