ਲੁਟੇਰਾ ਗਰੋਹ ਦੇ ਦੋ ਮੈਂਬਰ ਚੋਰੀ ਦੇ ਮੋਟਰਸਾਈਕਲਾਂ ਸਣੇ ਗ੍ਰਿਫ਼ਤਾਰ
ਚੰਡੀਗੜ੍ਹ ਪੁਲੀਸ ਨੇ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਦੇ ਤਿੰਨ ਮੋਟਰਸਾਈਕਲ, ਇਕ ਐਕਟਿਵਾ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਸਤੀਸ਼ ਕੁਮਾਰ ਅਤੇ ਅਨਿਲ ਕੁਮਾਰ ਵਾਸੀਆ ਮੁਹਾਲੀ ਵਜੋਂ ਹੋਈ ਹੈ।
ਇਹ ਕਾਰਵਾਈ ਥਾਣਾ ਸੈਕਟਰ-49 ਦੀ ਪੁਲੀਸ ਨੇ ਯਸ਼ੋਧਾ ਦੇਵੀ ਵਾਸੀ ਸੈਕਟਰ-49 ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਹੈ। ਸ਼ਿਕਾਇਤਕਰਤਾ ਅਨੁਸਾਰ ਉਹ 29 ਜੁਲਾਈ ਨੂੰ ਘਰ ਨੇੜੇ ਸੈਰ ਕਰ ਰਹੀ ਸੀ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉਸ ਦਾ ਮੋਬਾਈਲ ਫੋਨ ਝਪਟ ਕੇ ਫਰਾਰ ਹੋ ਗਏ ਹਨ।
ਥਾਣਾ ਸੈਕਟਰ-49 ਦੀ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਤੋਂ ਪੁਲੀਸ ਨੇ ਚੋਰੀ ਦੇ ਤਿੰਨ ਮੋਟਰਸਾਈਕਲ, ਇਕ ਐਕਟਿਵਾ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸੈਕਟਰ- 49 ਦੀ ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਸਤੀਸ਼ ਖ਼ਿਲਾਫ਼ ਪਹਿਲਾਂ ਵੀ ਚੰਡੀਗੜ੍ਹ ਵਿੱਚ ਦੋ ਕੇਸ ਦਰਜ ਹਨ। ਥਾਣਾ ਸੈਕਟਰ-49 ਦੀ ਪੁਲੀਸ ਵੱਲੋਂ ਮਾਮਲੇ ਵਿੱਚ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
12 ਸਾਈਕਲਾਂ ਸਣੇ ਕਾਬੂ
ਥਾਣਾ ਮਨੀਮਾਜਰਾ ਦੀ ਪੁਲੀਸ ਨੇ ਚੋਰੀ ਦੀਆਂ 12 ਸਾਈਕਲਾਂ ਸਣੇ ਮਨੋਜ ਪਟੇਲ ਵਾਸੀ ਕਿਸ਼ਨਗੜ੍ਹ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਆਕਾਸ਼ ਵਾਸੀ ਮਨੀਮਾਜਰਾ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਦਿਹਾੜੀ ’ਤੇ ਕੰਮ ਕਰਦਾ ਹੈ। ਉਸ ਦਾ ਮੋਟਰਸਾਈਕਲ ਲੰਘੇ ਦਿਨ ਮਨੀਮਾਜਰਾ ਲੇਬਰ ਚੌਕ ਵਿੱਚੋਂ ਚੋਰੀ ਹੋ ਗਿਆ ਸੀ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮਨੋਜ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਪੁਲੀਸ ਨੇ ਚੋਰੀ ਦੀਆਂ ਕੁੱਲ 12 ਸਾਈਕਲਾਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਥਾਣਾ ਸੈਕਟਰ-26 ਦੀ ਪੁਲੀਸ ਨੇ ਸਾਈਕਲ ਚੋਰੀ ਦੇ ਵੱਖਰੇ ਮਾਮਲੇ ਵਿੱਚ ਵਿਜੇ ਵਾਸੀ ਮੌਲੀ ਕੰਪਲੈਕਸ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਪੁਲੀਸ ਨੇ ਭਾਰਤ ਸਿੰਘ ਵਾਸੀ ਬਾਪੂ ਧਾਮ ਕਲੋਨੀ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਸੈਕਟਰ-7 ਵਿੱਚ ਗਿਆ ਸੀ, ਜਿੱਥੋਂ ਕੋਈ ਉਸ ਦਾ ਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ ਹੈ। ਥਾਣਾ ਸੈਕਟਰ-26 ਦੀ ਪੁਲੀਸ ਨੇ ਚੋਰੀ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਤੋਂ ਸਾਈਕਲ ਤੇ ਇਕ ਕੁਮਾਣੀਦਾਰ ਚਾਕੂ ਬਰਾਮਦ ਕੀਤਾ ਹੈ।