ਯੂਟੀ ’ਚ ਲੈਕਚਰਾਰਾਂ ਦੀਆਂ ਦੋ ਸੌ ਅਸਾਮੀਆਂ ਹੋਣਗੀਆਂ ਬਹਾਲ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਜੂਨ
ਯੂਟੀ ਦੇ ਉੱਚ ਸਿੱਖਿਆ ਵਿਭਾਗ ਨੇ ਚੰਡੀਗੜ੍ਹ ਦੇ ਕਾਲਜਾਂ ’ਚ ਲੈਕਚਰਾਰਾਂ ਦੀਆਂ ਲੈਪਸ ਹੋਈਆਂ 152 ਅਸਾਮੀਆਂ ਨੂੰ ਬਹਾਲ ਕਰਨ ਲਈ ਮੁੜ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਹ ਦੇ ਕਰੀਬ ਹੋਰ ਲੈਕਚਰਾਰਾਂ ਦੀਆਂ ਵੀ ਖਾਲੀ ਅਸਾਮੀਆਂ ’ਤੇ ਮਨਜ਼ੂਰੀ ਮੰਗੀ ਗਈ ਹੈ। ਇਸ ਲਈ ਪ੍ਰਸ਼ਾਸਨ ਦੇ ਮੁੱਖ ਸਕੱਤਰ ਵੱਲੋਂ ਕੇਂਦਰੀ ਸਿੱਖਿਆ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ‘ਪੰਜਾਬੀ ਟ੍ਰਿਬਿਊਨ’ ਨੇ ਕਾਲਜਾਂ ਦੀਆਂ ਲੈਪਸ ਹੋ ਰਹੀਆਂ ਅਸਾਮੀਆਂ ਸਬੰਧੀ ਪਿਛਲੇ ਸਾਲ ਅੱਠ ਅਕਤੂਬਰ ਨੂੰ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਜਿਸ ’ਚ ਡਾਇਰੈਕਟਰ ਹਾਇਰ ਐਜੂਕੇਸ਼ਨ ਵੱਲੋਂ ਇਨ੍ਹਾਂ ਨੂੰ ਪੁਨਰ ਸੁਰਜੀਤ ਕਰਨ ਸਬੰਧੀ ਕੇਂਦਰ ਨੂੰ ਲਿਖੇ ਪੱਤਰ ਦੀ ਜਾਣਕਾਰੀ ਨਸ਼ਰ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਹੁਣ ਮੁੱਖ ਸਕੱਤਰ ਨੇ ਕੇਂਦਰ ਦੇ ਸਿੱਖਿਆ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਜਿਸ ਵਿਚ ਅਸਿਸਟੈਂਟ ਪ੍ਰੋਫੈਸਰਾਂ ਦੀਆਂ 152 ਅਸਾਮੀਆਂ ਸਣੇ ਪਿਛਲੇ ਪੰਜ ਸਾਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਮਨਜ਼ੂਰੀ ਮੰਗੀ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਯੂਟੀ ਦੇ ਕਾਲਜਾਂ ਵਿੱਚ ਅਗਲੇ ਮਹੀਨੇ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਤੇ ਇਸ ਵੇਲੇ ਕਾਲਜਾਂ ਵਿਚ ਲੈਕਚਰਾਰਾਂ ਦੀ ਵੱਡੀ ਪੱਧਰ ’ਤੇ ਘਾਟ ਹੈ ਜਿਸ ਕਰ ਕੇ ਇਸ ਭਰਤੀ ਨੂੰ ਮਨਜ਼ੂਰੀ ਦਿੱਤੀ ਜਾਵੇ। ਇਹ ਵੀ ਦੱਸਣਾ ਬਣਦਾ ਹੈ ਕਿ ਯੂਟੀ ਵੱਲੋਂ ਕੇਂਦਰ ਤੋਂ ਪਹਿਲਾਂ ਵੀ ਕਈ ਵਾਰ ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਮਨਜ਼ੂਰੀ ਮੰਗੀ ਗਈ ਸੀ ਪਰ ਇਸ ਸਬੰਧੀ ਹਾਲੇ ਤਕ ਕੋਈ ਫ਼ੈਸਲਾ ਨਹੀਂ ਹੋਇਆ। ਯੂਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਹਾਲ ਹੀ ਵਿਚ ਉਚ ਸਿੱਖਿਆ ਵਿਭਾਗ ਤੋਂ ਕਾਲਜਾਂ ਵਿਚ ਲੈਕਚਰਾਰਾਂ ਸਬੰਧੀ ਰਿਪੋਰਟ ਮੰਗੀ ਸੀ ਜਿਸ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਸਕੂਲਾਂ ਦੀ ਤਰਜ਼ ’ਤੇ ਕਾਲਜਾਂ ਵਿਚ ਵੀ ਲੈਕਚਰਾਰਾਂ ਦੀ ਜਲਦੀ ਨਿਯੁਕਤੀ ਕੀਤੀ ਜਾਵੇ ਤੇ ਇਹ ਪੱਤਰ ਇਸ ਤਹਿਤ ਹੀ ਕੇਂਦਰ ਨੂੰ ਲਿਖਿਆ ਗਿਆ ਹੈ।
ਅਗਸਤ ਤੱਕ ਹੋਵੇਗੀ ਭਰਤੀ
ਡਾਇਰੈਕਟਰ ਹਾਇਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਲੈਪਸ ਹੋ ਚੁੱਕੀਆਂ ਅਸਾਮੀਆਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਦੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਹੂਲਤਾਂ ਤੇ ਸਿੱਖਿਆ ਸਹੂਲਤਾਂ ਦੇਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੈਪਸ ਹੋ ਚੁੱਕੀਆਂ ਤੇ ਖਾਲੀ ਪਈਆਂ ਅਸਾਮੀਆਂ ਮਿਲ ਕੇ ਦੋ ਸੌ ਦੇ ਕਰੀਬ ਲੈਕਚਰਾਰ ਭਰਤੀ ਕੀਤੇ ਜਾਣੇ ਹਨ ਜਿਨ੍ਹਾਂ ਦੀ ਮਨਜ਼ੂਰੀ ਮਿਲਣ ਵਾਲੀ ਹੈ ਤੇ ਇਹ ਭਰਤੀ ਅਗਸਤ ਤਕ ਮੁਕੰਮਲ ਕਰਨ ਦੀ ਉਮੀਦ ਹੈ।