ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹੇ; ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ
ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਬਾਅਦ ਦੁਪਹਿਰ ਪਏ ਭਾਰੀ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ 1163 ਫੁੱਟ ਤੋਂ ਟੱਪ ਗਿਆ ਹੈ। ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਟੱਪਣ ਕਰਕੇ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਗੇਟ 3.45 ਉੱਤੇ ਅਤੇ ਦੂਜਾ 5.15 ਵਜੇ ਦੇ ਕਰੀਬ ਖੋਲ੍ਹਿਆ ਹੈ।
ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹਣ ਕਰਕੇ ਸੁਖਨਾ ਚੋਅ ਵਿੱਚ ਪਾਣੀ ਦੀ ਆਮਦ ਇਕਦਮ ਵਧ ਗਈ ਹੈ, ਜਿਸ ਕਰਕੇ ਯੂਟੀ ਪ੍ਰਸ਼ਾਸਨ ਨੇ ਸੁਖਨਾ ਚੋਅ ਦੇ ਆਲੇ ਦੁਆਲੇ ਸਖਤੀ ਵਧਾ ਦਿੱਤੀ ਹੈ ਅਤੇ ਲੋਕਾਂ ਨੂੰ ਸੁਖਨਾ ਚੋਅ ਤੋਂ ਦੂਰ ਰੱਖਿਆ ਜਾ ਰਿਹਾ ਹੈ।
ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੁਖਨਾ ਝੀਲ ਉੱਤੇ ਹਰ ਸਮੇਂ ਨਜ਼ਰ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੁਖਨਾ ਝੀਲ ਦੇ ਅੱਜ ਸੀਜ਼ਨ ਵਿੱਚ ਪੰਜਵੀਂ ਵਾਰ ਫਲੱਡ ਗੇਟ ਖੋਲ੍ਹੇ ਗਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਚਾਰ ਵਾਰੀ ਇੱਕ ਇੱਕ ਫਲੱਡ ਗੇਟ ਹੀ ਖੋਲ੍ਹਿਆ ਜਾਂਦਾ ਸੀ ਪਰ ਇਸ ਵਾਰ ਪਾਣੀ ਜਿਆਦਾ ਵਧਣ ਕਰਕੇ ਦੋ ਫਲੱਡ ਗੇਟ ਖੋਲ੍ਹ ਦਿੱਤੇ ਹਨ।