ਬਨੂੜ ਸਬ ਤਹਿਸੀਲ ਅੱਗੇ ਢਾਈ-ਢਾਈ ਫੁੱਟ ਪਾਣੀ ਜਮ੍ਹਾ
ਕਰਮਜੀਤ ਸਿੰਘ ਚਿੱਲਾ
ਬਨੂੜ, 10 ਜੁਲਾਈ
ਬੀਤੀ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਕਾਰਨ ਬਨੂੜ ਸ਼ਹਿਰ ਦੇ ਨੀਵੇਂ ਖੇਤਰਾਂ ਵਿਚ ਪਾਣੀ ਭਰ ਗਿਆ ਹੈ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਗੋਡੇ-ਗੋਡੇ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ। ਬਨੂੜ ਦੇ ਸਬ-ਤਹਿਸੀਲ ਅਤੇ ਮਾਰਕੀਟ ਕਮੇਟੀ ਦਫਤਰ ਦੇ ਆਲੇ-ਦੁਆਲੇ ਦੋ ਤੋਂ ਢਾਈ ਫੁੱਟ ਪਾਣੀ ਜਮਾਂ ਹੋ ਗਿਆ ਹੈ। ਇੱਕੋ ਇੱਕ ਰਾਹ ਵਿਚ ਭਰੇ ਪਾਣੀ ਕਾਰਨ ਦਫ਼ਤਰੀ ਮੁਲਾਜ਼ਮਾਂ ਅਤੇ ਰਜਿਸਟਰੀਆਂ ਤਸਦੀਕ ਕਰਾਉਣ ਵਾਲਿਆਂ ਨੂੰ ਪਾਣੀ ਵਿੱਚੋਂ ਲੰਘ ਕੇ ਅੰਦਰ ਜਾਣਾ ਪੈ ਰਿਹਾ ਹੈ। ਨਗਰ ਕੌਂਸਲ ਦੇ ਅਹਾਤੇ ਵਿਚ ਵੀ ਪਾਣੀ ਭਰਿਆ ਹੋਇਆ ਹੈ ਅਤੇ ਐਮਸੀ ਰੋਡ ਉੱਤੇ ਵੀ ਮੀਂਹ ਦਾ ਪਾਣੀ ਖੜ੍ਹਿਆ ਹੈ। ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਰਾਧਾ ਸਵਾਮੀ ਡੇਰੇ ਦੇ ਆਲੇ-ਦੁਆਲੇ ਵੀ ਵੱਡੀ ਪੱਧਰ ਤੇ ਪਾਣੀ ਭਰਿਆ ਜਮਾਂ ਹੋ ਚੁੱਕਾ ਹੈ।
ਸਮਾਜ ਸੇਵੀ ਐਸਐਮਐਸ ਸੰਧੂ, ਕਰਮ ਸਿੰਘ ਫੌਜੀ, ਗੁਰਬਚਨ ਸਿੰਘ ਆਦਿ ਪਾਣੀ ਦੀ ਨਿਕਾਸੀ ਸਬੰਧੀ ਐਸਡੀਐਮ ਮੁਹਾਲੀ ਅਤੇ ਕਾਰਜਸਾਧਕ ਅਫ਼ਸਰ ਬਨੂੜ ਨੂੰ ਲਿਖਤੀ ਦਰਖਸਤਾਂ ਵੀ ਦੇ ਚੁੱਕੇ ਹਨ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਸ਼ਹਿਰ ਵਿਚ ਭਰੇ ਹੋਏ ਪਾਣੀ ਦਾ ਨਿਕਾਸ ਯਕੀਨੀ ਬਣਾਇਆ ਜਾਵੇ।