ਪ੍ਰੋਫੈਸਰ ਕਤਲ ਮਾਮਲੇ ’ਚ ਦੋ ਮੁਲਜ਼ਮ ਕਾਬੂ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 8 ਜੁਲਾਈ
ਕਪਤਾਨ ਪੁਲੀਸ (ਜਾਂਚ) ਸੌਰਵ ਜਿੰਦਲ ਨੇ ਕਿਹਾ ਕਿ ਮੁਹਾਲੀ ਦੀ ਐਰੋਸਿਟੀ ਦੇ ਵਸਨੀਕ ਅਤੇ ਸੇਵਾਮੁਕਤ ਪ੍ਰੋਫੈਸਰ ਅਮਰਜੀਤ ਸਿਹਾਗ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਦੀ ਗੁੱਥੀ ਪੁਲੀਸ ਨੇ ਸੁਲਝਾ ਲਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਦੋ ਮੁਲਜ਼ਮਾਂ ਬਿਕਰਮ ਸਿੰਘ ਵਾਸੀ ਆਈਟੀ ਸਿਟੀ ਮੁਹਾਲੀ ਅਤੇ ਬਲਜਿੰਦਰ ਸਿੰਘ ਵਾਸੀ ਮਲੋਟ, ਹਾਲ ਵਾਸੀ ਜ਼ੀਰਕਪੁਰ ਨੂੰ ਕਾਬੂ ਕਰ ਕੇ ਅਦਾਲਤ ਤੋਂ ਚਾਰ ਰੋਜ਼ਾ ਰਿਮਾਂਡ ਹਾਸਲ ਕੀਤਾ ਹੈ। ਪ੍ਰਾਪਰਟੀ ਦਾ ਕੰਮ ਕਰਨ ਵਾਲੇ ਦੋਵਾਂ ਮੁਲਜ਼ਮਾਂ ਨੇ ਪ੍ਰੋ. ਸਿਹਾਗ ਕੋਲੋਂ ਕਮਰਾ ਕਿਰਾਏ ’ਤੇ ਲਿਆ ਹੋਇਆ ਸੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਰਾਹੁਲ ਸਿਹਾਗ ਨੇ ਤਿੰਨ ਜੁਲਾਈ ਨੂੰ ਆਪਣੇ ਪਿਤਾ ਨੂੰ ਅਣਪਛਾਤਿਆਂ ਵੱਲੋਂ ਕਾਰ ਵਿਚ ਬਿਠਾ ਕੇ ਲਿਜਾਣ, ਫੋਨ ਉੱਤੇ 35-40 ਲੱਖ ਦਾ ਪ੍ਰਬੰਧ ਕਰ ਕੇ ਸੈਕਟਰ-88 ’ਚ ਪਹੁੰਚਣ ਸਬੰਧੀ ਆਈਟੀ ਸਿਟੀ ਦੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਸੀ। ਰਾਹੁਲ ਨੇ ਅਗਵਾ ਕਰਨ ਦਾ ਸ਼ੱਕ ਜ਼ਾਹਿਰ ਕੀਤਾ ਸੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਅਗਵਾ ਕੀਤੇ ਅਮਰਜੀਤ ਸਿਹਾਗ ਦੀ ਲਾਸ਼ ਮੋਰਨੀ (ਚੰਡੀਮੰਦਿਰ) ਨੇੜਿਓਂ ਜੰਗਲ ਵਿੱਚੋਂ ਬਰਾਮਦ ਕੀਤੀ ਗਈ। ਬਲਜਿੰਦਰ ਸਿੰਘ ਭੁੱਲਰ ਦੇ ਲਾਇਸੈਂਸੀ ਪਿਸਤੌਲ ਨਾਲ ਘਟਨਾ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜਾਣ-ਪਛਾਣ ਦਾ ਫ਼ਾਇਦਾ ਲੈ ਕੇ ਅਮਰਜੀਤ ਸਿਹਾਗ ਨੂੰ ਪ੍ਰਾਪਰਟੀ ਸਬੰਧੀ ਗੱਲਬਾਤ ਕਰਨ ਲਈ ਆਪਣੇ ਨਾਲ ਲੈ ਗਏ ਸਨ ਤੇ ਪੈਸੇ ਨਾ ਮਿਲਣ ਕਾਰਨ ਉਨ੍ਹਾਂ ਉਸ ਦਾ ਕਤਲ ਕਰ ਦਿੱਤਾ। ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।