ਪ੍ਰਾਪਰਟੀ ਟੈਕਸ 31 ਮਈ ਤਕ ਜਮ੍ਹਾਂ ਕਰਵਾਉਣ ’ਤੇ ਮਿਲੇਗੀ ਵੀਹ ਫੀਸਦੀ ਛੋਟ
ਪੱਤਰ ਪ੍ਰੇਰਕ
ਚੰਡੀਗੜ੍ਹ, 22 ਮਈ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਵਪਾਰਕ ਅਤੇ ਕਮਰਸ਼ੀਅਲ ਜਾਇਦਾਦਾਂ ਉਤੇ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਪ੍ਰਾਪਰਟੀ ਟੈਕਸ 31 ਮਈ ਤੱਕ ਜਮ੍ਹਾਂ ਕਰਵਾਉਣ ਲਈ ਨਿਗਮ ਕਮਿਸ਼ਨਰ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ। ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸ਼ਹਿਰ ਦੇ ਨਾਗਰਿਕਾਂ ਨੂੰ ਕਿਹਾ ਕਿ ਉਹ ਸਾਲ 2025-26 ਲਈ ਪ੍ਰਾਪਰਟੀ ਟੈਕਸ ਦਾ ਭੁਗਤਾਨ ਸਮੇਂ ਸਿਰ ਕਰਨ ਅਤੇ ਛੋਟ ਲਾਭ ਪ੍ਰਾਪਤ ਕਰਨ ਕਿਉਂਕਿ 31 ਮਈ ਤੋਂ ਬਾਅਦ ਛੋਟ ਲਾਭਾਂ ਵਿੱਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੈੱਕ ਜਾਂ ਡਿਮਾਂਡ ਡਰਾਫ਼ਟ ਰਾਹੀਂ ਟੈਕਸ ਭੁਗਤਾਨ ਲਈ ਆਖਰੀ ਤਰੀਕ 27 ਮਈ ਹੈ ਜਦਕਿ ਨਕਦ ਜਾਂ ਆਨਲਾਈਨ ਭੁਗਤਾਨ ਕਰਨ ਲਈ ਆਖਰੀ ਮਿਤੀ 31 ਮਈ ਹੈ। ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਪ੍ਰਾਪਰਟੀ ਦੇ ਮਾਲਕ ਟੈਕਸ ਜਮ੍ਹਾਂ ਕਰਵਾਉਣ ਉਪਰੰਤ ਟੈਕਸ ਵਿੱਚ 20 ਪ੍ਰਤੀਸ਼ਤ ਰਿਬੇਟ (ਛੋਟ) ਪ੍ਰਾਪਤ ਕਰ ਸਕਦੇ ਹਨ, ਜਦੋਂ ਕਿ ਕਮਰਸ਼ੀਅਲ ਪ੍ਰਾਪਰਟੀ ਦੇ ਮਾਲਕ 1 ਅਪ੍ਰੈਲ 2025 ਤੋਂ 31 ਮਈ 2025 ਤੱਕ ਆਪਣਾ ਟੈਕਸ ਅਦਾ ਕਰਕੇ 10 ਪ੍ਰਤੀਸ਼ਤ ਛੋਟ ਪ੍ਰਾਪਤ ਕਰਦੇ ਹਨ।
ਆਨਲਾਈਨ ਭੁਗਤਾਨ ਨਿਗਮ ਦੀ ਵੈੱਬਸਾਈਟ ਉਤੇ ਜਦਕਿ ਆਫ਼ਲਾਈਨ ਟੈਕਸ ਚੰਡੀਗੜ੍ਹ ਦੇ ਕਿਸੇ ਵੀ ਸੰਪਰਕ ਸੈਂਟਰ ਵਿੱਚ ਚੈੱਕ ਜਾਂ ਡਿਮਾਂਡ ਡਰਾਫ਼ਟ ਰਾਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ 31 ਮਈ 2025 ਤੋਂ ਬਾਅਦ ਕੀਤੇ ਗਏ ਟੈਕਸ ਭੁਗਤਾਨਾਂ ’ਤੇ 1 ਅਪ੍ਰੈਲ 2025 ਤੋਂ ਭੁਗਤਾਨ ਦੇ ਮਹੀਨੇ ਤੱਕ ਲਾਗੂ 25 ਪ੍ਰਤੀਸ਼ਤ ਵਾਧੂ ਜੁਰਮਾਨਾ, 12 ਪ੍ਰਤੀਸ਼ਤ ਸਾਲਾਨਾ ਵਿਆਜ ਦੇ ਨਾਲ ਲੱਗੇਗਾ।