ਮਾਧੋਪੁਰ ਡਿਫੈਂਸ ਰੋਡ ਦੇ ਟੀ-ਪੁਆਇੰਟ ’ਤੇ ਟਰੱਕ ਡਰਾਈਵਰ ਨੇ ਦੋ ਔਰਤਾਂ ’ਤੇ ਟਰੱਕ ਚੜ੍ਹਾ ਦਿੱਤਾ। ਮ੍ਰਿਤਕ ਔਰਤਾਂ ਦੀ ਪਛਾਣ ਜੋਤੀ ਪਤਨੀ ਰਾਮਦਾਸ (ਪਿੰਡ ਮਾਈਰਾ) ਅਤੇ ਨੀਰੂ ਬਾਲਾ ਪਤਨੀ ਕਾਲਾ ਰਾਮ (ਖਲਕੀ ਜੈਨੀ) ਵਜੋਂ ਹੋਈ ਹੈ। ਪੁਲੀਸ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਕਾਲਾ ਰਾਮ ਨੇ ਦੱਸਿਆ ਕਿ ਉਸ ਦੀ ਭਰਜਾਈ ਜੋਤੀ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਸਬੰਧੀ ਸੁਜਾਨਪੁਰ ਥਾਣੇ ’ਚ ਸ਼ਿਕਾਇਤ ਕੀਤੀ ਗਈ ਸੀ। ਦੋਵੇਂ ਭੈਣਾਂ ਜੋਤੀ ਤੇ ਨੀਰੂ ਸੁਣਵਾਈ ਲਈ ਥਾਣੇ ਜਾ ਰਹੀਆਂ ਸਨ। ਇਸ ਦੌਰਾਨ ਮਾਧੋਪੁਰ ਡਿਫੈਂਸ ਰੋਡ ਟੀ-ਪੁਆਇੰਟ ’ਤੇ ਟਰੱਕ ਡਰਾਈਵਰ ਨੇ ਉਨ੍ਹਾਂ ’ਤੇ ਟਰੱਕ ਚੜ੍ਹਾ ਦਿੱਤਾ।
ਐੱਸ ਐੱਸ ਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਦੋ ਔਰਤਾਂ ਕਿਸੇ ਝਗੜੇ ਦੇ ਸਬੰਧ ਵਿੱਚ ਸੁਜਾਨਪੁਰ ਥਾਣੇ ਜਾ ਰਹੀਆਂ ਸਨ। ਡਿਫੈਂਸ ਰੋਡ ’ਤੇ ਇੱਕ ਟਰੱਕ ਡਰਾਈਵਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਐੱਸ ਐੱਸ ਪੀ ਨੇ ਕਿਹਾ ਕਿ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਟਰੱਕ ਡਰਾਈਵਰ ਨੇ ਜਾਣ-ਬੁੱਝ ਕੇ ਔਰਤਾਂ ’ਤੇ ਟਰੱਕ ਚੜ੍ਹਾਇਆ ਸੀ। ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰ ਰਿੱਕੀ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਰਿੱਕੀ ਦਾ ਨੀਰੂ ਬਾਲਾ ਨਾਲ ਝਗੜਾ ਚੱਲ ਰਿਹਾ ਸੀ।

