ਆਤਿਸ਼ ਗੁਪਤਾ
ਚੰਡੀਗੜ੍ਹ, 28 ਜੂਨ
ਚੰਡੀਗੜ੍ਹ ਟ੍ਰਾਈਸਿਟੀ ਵਿੱਚ ਲੰਘੀ ਰਾਤ ਪਏ ਤੇਜ਼ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ, ਪਰ ਮੀਂਹ ਨੇ ਸਾਰੇ ਸ਼ਹਿਰਾਂ ਵਿੱਚ ਜਲ-ਥਲ ਕਰ ਦਿੱਤਾ ਹੈ। ਇਸ ਦੌਰਾਨ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਇਸ ਕਰ ਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਚੰਡੀਗੜ੍ਹ ਵਿੱਚ ਸ਼ਨਿਚਰਵਾਰ ਨੂੰ ਗਰਮੀ ਦਾ ਕਹਿਰ ਜਾਰੀ ਸੀ, ਪਰ ਰਾਤ ਨੂੰ 8 ਵਜੇ ਦੇ ਕਰੀਬ ਇਕ-ਦਮ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਰਾਤ ਨੂੰ 8 ਵਜੇ ਦੇ ਕਰੀਬ ਅੱਧੇ ਘੰਟੇ ਵਿੱਚ 24 ਐੱਮਐੱਮ ਮੀਂਹ ਪਿਆ ਹੈ। ਇਸ ਨੇ ਚੰਡੀਗੜ੍ਹ ਨੂੰ ਵੀ ਜਲ-ਥਲ ਕਰ ਦਿੱਤਾ।
ਮੀਂਹ ਪੈਣ ਕਰ ਕੇ ਸ਼ਹਿਰ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਇਸ ਦੇ ਨਾਲ ਹੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬੱਤੀ ਗੁੱਲ ਹੋ ਗਈ ਹੈ, ਜਿਸ ਕਰ ਕੇ ਬਿਜਲੀ ਦੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ 58.1 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 23.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਦੋਵੇਂ ਹੀ ਆਮ ਨਾਲੋਂ ਢਾਈ ਡਿਗਰੀ ਸੈਲਸੀਅਸ ਦੇ ਕਰੀਬ ਘੱਟ ਰਹੇ ਹਨ।
ਉੱਧਰ, ਮੁਹਾਲੀ ਦਾ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 24.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਚਕੂਲਾ ਵਿੱਚ ਵੱਧ ਤੋਂ ਵੱਧ ਤਾਪਮਾਨ 33.1 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 23.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਬਨੂੜ (ਕਰਮਜੀਤ ਸਿੰਘ ਚਿੱਲਾ): ਅੱਜ ਸ਼ਾਮ ਛੇ ਤੋਂ ਸੱਤ ਵਜੇ ਤੱਕ ਬਨੂੜ ਖੇਤਰ ਵਿੱਚ ਪਏ ਮੀਂਹ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਨਗਰ ਕੌਂਸਲ ਦੇ ਦਫ਼ਤਰ ਦੇ ਅਹਾਤੇ ਵਿਚ ਵੀ ਪਾਣੀ ਭਰ ਗਿਆ। ਕੌਂਸਲ ਰੋਡ ਉੱਤੇ ਸਥਿਤ ਦਰਜਨ ਤੋਂ ਵੱਧ ਦੁਕਾਨਾਂ ਵਿੱਚ ਪਾਣੀ ਭਰ ਗਿਆ। ਇਸ ਸੜਕ ਉੱਤੇ ਵੀ ਤਿੰਨ-ਤਿੰਨ ਫੁੱਟ ਤੋਂ ਵੱਧ ਪਾਣੀ ਭਰਨ ਕਰ ਕੇ ਆਵਾਜਾਈ ਠੱਪ ਰਹੀ। ਕਈ ਘਰਾਂ ਵਿੱਚ ਵੀ ਪਾਣੀ ਵੜ ਗਿਆ।
ਐੱਮਸੀ ਰੋਡ ਦੇ ਦੁਕਾਨਦਾਰਾਂ ਅਸ਼ਿਵੰਦਰ ਸਿੰਘ, ਰਿੰਕੂ ਬਾਂਸਲ, ਰਾਜੇਸ਼ ਬਾਂਸਲ, ਸਤਪਾਲ, ਇੰਦਰਜੀਤ ਕਾਲਰਾ, ਤੇਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਮੀਂਹ ਦਾ ਪਾਣੀ ਉਨ੍ਹਾਂ ਦੀਆਂ ਤਿੰਨ-ਤਿੰਨ ਫੁੱਟ ਉੱਚੀਆਂ ਦੁਕਾਨਾਂ ਵਿਚ ਵੀ ਵੜ ਗਿਆ। ਤਕਰੀਬਨ ਇੱਕ ਘੰਟੇ ਮਗਰੋਂ ਸੜਕ ਉੱਤੋਂ ਪਾਣੀ ਉਤਰਨ ਬਾਅਦ ਆਵਾਜਾਈ ਚਾਲੂ ਹੋ ਸਕੀ। ਦੂਜੇ ਪਾਸੇ, ਭਰਵੇਂ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ। ਝੋਨੇ ਦੀ ਲਵਾਈ ਲਈ ਕਿਸਾਨ ਲੰਮੇ ਸਮੇਂ ਤੋਂ ਮੀਂਹ ਦੀ ਉਡੀਕ ਕਰ ਰਹੇ ਸਨ। ਕਿਸਾਨਾਂ ਨੇ ਦੱਸਿਆ ਕਿ ਹੁਣ ਸਮੁੱਚੇ ਝੋਨੇ ਦੀ ਲਵਾਈ ਮੁਕੰਮਲ ਹੋ ਜਾਵੇਗੀ ਤੇ ਲਗਾਏ ਜਾ ਚੁੱਕੇ ਝੋਨੇ ਨੂੰ ਵੀ ਫ਼ਾਇਦਾ ਹੋਵੇਗਾ।
ਡੇਰਾਬੱਸੀ (ਹਰਜੀਤ ਸਿੰਘ): ਮੌਨਸੂਨ ਦੀ ਆਮਦ ਤੋਂ ਪਹਿਲਾਂ ਹੀ ਲੰਘੀ ਰਾਤ ਪਏ ਮੀਂਹ ਨੇ ਨਗਰ ਕੌਂਸਲ ਦੇ ਨਿਕਾਸ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਲੰਘੀ ਰਾਤ ਪਏ ਮੀਂਹ ਨਾਲ ਥਾਂ-ਥਾਂ ਪਾਣੀ ਭਰਨ ਨਾਲ ਲੋਕ ਪ੍ਰੇਸ਼ਾਨ ਹੋਏ।
ਇੱਥੋਂ ਦੀ ਬਰਵਾਲਾ ਸੜਕ ’ਤੇ ਮੀਂਹ ਦੇ ਪਾਣੀ ਦੇ ਨਿਕਾਸ ਲਈ ਨਾਲੇ ਦੀ ਉਸਾਰੀ ਚੱਲ ਰਹੀ ਹੈ। ਇਸ ਕਾਰਨ ਪਾਣੀ ਨੂੰ ਨਿਕਾਸ ਨਾ ਮਿਲਣ ਕਾਰਨ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ ਹੈ। ਵਾਹਨ ਚਾਲਕਾਂ ਨੂੰ ਸੜਕ ’ਤੇ ਭਰੇ ਹੋਏ ਪਾਣੀ ਵਿੱਚੋਂ ਵਾਹਨ ਲੰਘਾਉਣੇ ਪਏ। ਇਸ ਦੌਰਾਨ ਕਈ ਦੋ ਪਹੀਆ ਵਾਹਨ ਬੰਦ ਹੋ ਗਏ। ਇਸ ਤੋਂ ਇਲਾਵਾ ਬਰਵਾਲਾ ਸੜਕ ’ਤੇ ਪੈਂਦੇ ਪਿੰਡ ਭਗਵਾਨਪੁਰ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸੜਕ ਦੇ ਕੰਢੇ ਸਥਿਤ ਦੁਕਾਨਾਂ ਵਿੱਚ ਪਾਣੀ ਭਰ ਗਿਆ।
ਦੂਜੇ ਪਾਸੇ, ਮੁਬਾਰਕਪੁਰ ਸੜਕ ’ਤੇ ਮੀਂਹ ਕਾਰਨ ਬਿਜਲੀ ਦਾ ਖੰਭਾ ਟੇਢਾ ਹੋ ਗਿਆ। ਮੁਬਾਰਕਪੁਰ ਰੇਲਵੇ ਅੰਡਰਪਾਸ ਵਿੱਚ ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਇਸ ਵਿੱਚ ਪਾਣੀ ਭਰ ਗਿਆ। ਇਸ ਤੋਂ ਇਲਾਵਾ ਬਰਵਾਲਾ ਰੋਡ ’ਤੇ ਪਿੰਡ ਸੈਦਪੁਰਾ ਵਿੱਚ ਫੈਕਟਰੀਆਂ ਨੂੰ ਜਾਣ ਵਾਲੇ ਰਸਤੇ ’ਤੇ ਪਾਣੀ ਭਰਨ ਕਾਰਨ ਚਿੱਕੜ ਹੋ ਗਿਆ। ਫੈਕਟਰੀ ਪ੍ਰਬੰਧਕਾਂ ਨੇ ਦੋਸ਼ ਲਾਇਆ ਕਿ ਉਹ ਲੱਖਾਂ ਰੁਪਏ ਸਰਕਾਰ ਨੂੰ ਟੈਕਸ ਦੇ ਰਹੇ ਹਨ, ਇਸ ਦੇ ਬਾਵਜੂਦ ਉਨ੍ਹਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਹਨ।
ਇਸੇ ਤਰ੍ਹਾਂ ਇੱਥੋਂ ਦੀ ਹੈਬਤਪੁਰ ਰੋਡ ’ਤੇ ਸਥਿਤ ਗੁਲਮੋਹਰ ਸਿਟੀ ਐਕਸਟੈਨਸ਼ਨ ਵਿੱਚ ਪਾਣੀ ਭਰ ਗਿਆ। ਇਸੇ ਤਰ੍ਹਾਂ ਪਿੰਡਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ ’ਤੇ ਵੀ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ।
ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਢੋਟ ਨੇ ਕਿਹਾ ਕਿ ਪਾਣੀ ਦੇ ਨਿਕਾਸ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕੋਈ ਸਮੱਸਿਆ ਆ ਰਹੀ ਹੈ ਉਨ੍ਹਾਂ ਥਾਵਾਂ ’ਤੇ ਪ੍ਰਬੰਧ ਦਰੁਸਤ ਕਰ ਦਿੱਤੇ ਜਾਣਗੇ।
ਹਰਿਆਣਾ ਦੇ ਕਈ ਜ਼ਿਲ੍ਹਿਆਂ ਭੂਚਾਲ ਦੇ ਝਟਕੇ
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਵਿੱਚ ਅੱਜ ਦੇਰ ਸ਼ਾਮ ਭਾਰੀ ਬਰਸਾਤ ਹੋਈ। ਇਸ ਕਾਰਨ ਸੜਕਾਂ ਉੱਤੇ ਪਾਣੀ ਖੜ੍ਹ ਗਿਆ। ਕਈ ਹਾਊਸਿੰਗ ਸੁਸਾਇਟੀਆਂ ਦੀਆਂ ਲਿਫਟਾਂ ਵਿੱਚ ਵੀ ਪਾਣੀ ਚਲਿਆ ਗਿਆ। ਪੰਚਕੂਲਾ ਦੇ ਸੈਕਟਰ-20 ਦੀ 105 ਸੁਸਾਇਟੀ ਵਿੱਚ ਪਾਣੀ ਭਰ ਗਿਆ। ਬਰਸਾਤ ਸ਼ਾਮ 8.30 ਵਜੇ ਸ਼ੁਰੂ ਹੋਈ ਅਤੇ ਦੇਰ ਰਾਤ ਤੱਕ ਮੀਂਹ ਪੈਂਦਾ ਰਿਹਾ। ਮੀਂਹ ਕਾਰਨ ਰੇਹੜੀ-ਫੜ੍ਹੀ ਵਾਲਿਆਂ ਦਾ ਕੰਮ ਬੰਦ ਹੋ ਗਿਆ। ਦੂਜੇ ਪਾਸੇ, ਅੱਜ ਸ਼ਾਮ ਹਰਿਆਣਾ ਵਿੱਚ ਕਈ ਥਾਵਾਂ ’ਤੇ ਭੂਚਾਲ ਵੀ ਆਇਆ। ਇਸ ਦਾ ਕੇਂਦਰ ਹਰਿਆਣਾ ਦਾ ਚਰਖੀ ਦਾਦਰੀ ਰਿਹਾ। ਮਹਿੰਦਰਗੜ੍ਹ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ 7.33 ਵਜੇ ਆਇਆ। ਐੱਨਸੀਐੱਸ ਮੁਤਾਬਕ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਕਾਰ ਉੱਤੇ ਦਰੱਖਤ ਡਿੱਗਿਆ
ਐੱਸਏਐੱਸ ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਇੱਥੇ ਬੀਤੀ ਰਾਤ ਪਏ ਮੀਂਹ ਤੇ ਹਵਾ ਕਾਰਨ ਫੇਜ਼ ਦਸ ਦੇ ਮਕਾਨ ਨੰਬਰ-2062 ਸਾਹਮਣੇ ਲੱਗਿਆ ਦਰੱਖਤ ਨੇੜੇ ਖੜ੍ਹੀ ਇੱਕ ਕਾਰ ’ਤੇ ਡਿੱਗ ਗਿਆ। ਸਬੰਧਤ ਮਕਾਨ ਦੇ ਵਸਨੀਕ ਅਮਰਜੀਤ ਸਿੰਘ ਨੇ ਦੱਸਿਆ ਕਿ ਦਰੱਖਤ ਡਿੱਗਣ ਨਾਲ ਉਸ ਦੀ ਕਾਰ ਦਾ ਭਾਰੀ ਨੁਕਸਾਨ ਹੋ ਗਿਆ ਹੈ।
ਨਿਊ ਚੰਡੀਗੜ੍ਹ ਇਲਾਕੇ ’ਚ ਬਿਜਲੀ ਠੱਪ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਸਣੇ ਨਿਊ ਚੰਡੀਗੜ੍ਹ ਇਲਾਕੇ ਵਿੱਚ ਬੀਤੀ ਅੱਧੀ ਰਾਤ ਵੇਲੇ ਭਰਵਾਂ ਮੀਂਹ ਪਿਆ। ਮੀਂਹ ਪੈਣ ਕਾਰਨ ਜਿੱਥੇ ਮੌਸਮ ਢੰਡਾ ਹੋ ਗਿਆ, ਉੱਥੇ ਹੀ ਕਿਸਾਨਾਂ ਨੂੰ ਵੀ ਪਾਣੀ ਦੀ ਘਾਟ ਤੋਂ ਛੁਟਕਾਰਾ ਮਿਲ ਗਿਆ ਹੈ। ਦੂਜੇ ਪਾਸੇ, ਮੀਂਹ ਪੈਣ ਨਾਲ ਪਿੰਡ ਮਾਜਰਾ ਤੇ ਮੁੱਲਾਂਪੁਰ ਗਰੀਬਦਾਸ ਦੇ ਬਿਜਲੀ ਗਰਿੱਡਾਂ ਤੋਂ ਬਿਜਲੀ ਦੀ ਸਪਲਾਈ ਠੱਪ ਰਹੀ। ਅੱਜ ਬਾਅਦ ਦੁਪਹਿਰ ਵੇਲੇ ਬਿਜਲੀ ਆਉਣ ਨਾਲ ਲੋਕਾਂ ਨੂੰ ਰਾਹਤ ਮਿਲੀ। ਮੀਂਹ ਕਾਰਨ ਪਿੰਡਾਂ ਦੀਆਂ ਖਸਤਾ ਹਾਲਤ ਸੜਕਾਂ ’ਤੇ ਪਏ ਟੋਇਆਂ ਵਿੱਚ ਪਾਣੀ ਭਰ ਗਿਆ।