ਸ਼ਹੀਦ ਭਗਤ ਸਿੰਘ ਨੂੰ ਜਨਮ ਦਵਿਸ ਮੌਕੇ ਸ਼ਰਧਾਂਜਲੀਆਂ ਭੇਟ
ਵੱਖ-ਵੱਖ ਥਾਈਂ ਕਰਵਾਏ ਸਮਾਗਮ; ਸ਼ਹੀਦ ਦੇ ਸੁਫਨਿਆਂ ਨੂੰ ਸਾਕਾਰ ਕਰਨ ਦਾ ਪ੍ਰਣ ਲਿਆ
ਪੱਤਰ ਪ੍ਰੇਰਕ
ਚੰਡੀਗੜ੍ਹ, 28 ਸਤੰਬਰ
ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਨਿ ਨੂੰ ਸਮਰਪਿਤ ਪ੍ਰੋਗਰਾਮ ਪੰਜਾਬ ਯੂਨੀਵਰਸਿਟੀ ਦੇ ਇੰਗਲਿਸ਼ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਨਾਦ ਰੰਗਮੰਚ ਵੱਲੋਂ ਜੇਲ੍ਹ ਵਿੱਚ ਸ਼ਹੀਦ ਦੇ ਆਖਰੀ ਪਲਾਂ ’ਤੇ ਅਧਾਰਿਤ ਇੱਕ ਨਾਟਕ ‘ਛਿਪਣ ਤੋਂ ਪਹਿਲਾਂ’ ਦਾ ਮੰਚਨ ਕੀਤਾ ਗਿਆ। ਨਾਟਕ ਨੇ ਭਗਤ ਸਿੰਘ ਦੇ ਕੁਝ ਮਹੱਤਵਪੂਰਨ ਵਿਚਾਰਾਂ ਨੂੰ ਉਜਾਗਰ ਕੀਤਾ ਜੋ ਅੱਜ ਵੀ ਢੁਕਵੇਂ ਹਨ। ਐੱਸ.ਐੱਫ.ਐੱਸ. ਦੇ ਪ੍ਰਧਾਨ ਸੰਦੀਪ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦਾਂ ਵੱਲੋਂ ਜਗਾਈ ਇਨਕਲਾਬੀ ਵਿਦਿਆਰਥੀ ਲਹਿਰ ਦੀ ਵਿਰਾਸਤ ਨੂੰ ਅਗਾਂਹ ਤੋਰਨ ਲਈ ਅੱਗੇ ਆਉਣ। ਸ਼ਹੀਦ ਭਗਤ ਸਿੰਘ ਦੇ ਜਨਮ ਦਨਿ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਦੇ ਪਤਵੰਤੇ ਸੱਜਣ ਵੀ ਸ਼ਾਮਲ ਹੋਏ।
ਐਸ.ਏ.ਐਸ. ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ‘ਸਮਕਾਲ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਸਾਰਿਆਂ ਦਾ ਸਵਾਗਤ ਕੀਤਾ। ਡਾ. ਕੁਲਦੀਪ ਸਿੰਘ ਦੀਪ ਵੱਲੋਂ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਸਾਹਿਤ, ਸਮਾਜ, ਨੌਜਵਾਨ, ਰਾਜਨੀਤੀ ਆਦਿ ਸਬੰਧੀ ਵਿਚਾਰਾਂ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ ਗਈ। ਉਨ੍ਹਾਂ ਆਖਿਆ ਕਿ ਭਗਤ ਸਿੰਘ ਦੀ ਹਿੰਦੁਸਤਾਨ ਦੇ ਇਨਕਲਾਬ ਵਿਚ ਬਹੁਤ ਵੱਡੀ ਭੂਮਿਕਾ ਹੈ ਇਸ ਲਈ ਉਹ ਇਕੱਲੇ ਪੰਜਾਬ ਦਾ ਨਹੀਂ ਸਗੋਂ ਪੂਰੀ ਦੁਨੀਆ ਦੇ ਸੰਘਰਸ਼ਸ਼ੀਲ ਲੋਕਾਂ ਦਾ ਨਾਇਕ ਹੈ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਬਨੂੜ (ਪੱਤਰ ਪ੍ਰੇਰਕ): ਬਨੂੜ ਖੇਤਰ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਖੇਡ ਸਟੇਡੀਅਮ ਵਿੱਚ ਯੋਗਾ ਟੀਮ ਦੇ ਕਾਰਕੁਨਾਂ ਕੁਲਵਿੰਦਰ ਸਿੰਘ ਭੋਲਾ, ਜਸਵਿੰਦਰ ਸਿੰਘ ਜੱਸੀ, ਜਗਤਾਰ ਸਿੰਘ, ਅਵਤਾਰ ਸਿੰਘ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਨਿ ਮਨਾਇਆ ਗਿਆ। ਇਸ ਮੌਕੇ ਸ਼ਹੀਦ ਦੀ ਤਸਵੀਰ ’ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਚੇਤੇ ਕੀਤਾ ਗਿਆ। ਇਨਕਲਾਬੀ ਨਾਅਰਿਆਂ ਰਾਹੀਂ ਸ਼ਹੀਦ ਦੇ ਸੁਫਨਿਆਂ ਨੂੰ ਸਾਕਾਰ ਕਰਨ ਦਾ ਪ੍ਰਣ ਲਿਆ ਗਿਆ। ਇਸੇ ਤਰ੍ਹਾਂ ਵਰਾਡ ਨੰਬਰ-8 ਵਿੱਚ ਸੀਪੀਐੱਮ ਵੱਲੋਂ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ, ਚੌਧਰੀ ਮੁਹੰਮਦ ਸਦੀਕ ਅਤੇ ਕਾਮਰੇਡ ਸੱਤਪਾਲ ਰਾਜੋਮਾਜਰਾ ਦੀ ਅਗਵਾਈ ਹੇਠ ਸ਼ਹੀਦ ਦਾ ਜਨਮ ਦਨਿ ਮਨਾਇਆ ਗਿਆ। ਇਸੇ ਤਰ੍ਹਾਂ ਖੇਤਰ ਦੇ ਵੱਖ-ਵੱਖ ਸਕੂਲਾਂ ਵਿੱਚ ਵੀ ਸ਼ਹੀਦ ਦਾ ਜਨਮ ਦਨਿ ਮਨਾਇਆ ਗਿਆ। ਇਸੇ ਦੌਰਾਨ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਕਰਾਲਾ ਵੱਲੋਂ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ।
ਕੈਂਪ ਦਾ ਉਦਘਾਟਨ ਅਕਾਲੀ ਦਲ ਦੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਕੀਤਾ ਜਦਕਿ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਬਕਾ ਵਿਧਾਇਕ ਨੇ ਸ਼ਿਰਕਤ ਕੀਤੀ। ਇਸ ਮੌਕੇ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ, ਕਿਸਾਨ ਆਗੂ ਕਿਰਪਾਲ ਸਿੰਘ ਸਿਆਊ ਆਦਿ ਨੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ। ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੀ ਟੀਮ ਨੇ 122 ਖੂਨਦਾਨੀਆਂ ਤੋਂ ਖੂਨ ਹਾਸਲ ਕੀਤਾ।
ਖਰੜ (ਪੱਤਰ ਪ੍ਰੇਰਕ): ਇੱਥੇ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਭਾਜਪਾ ਆਗੂ ਕਮਲਦੀਪ ਸੈਣੀ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਕਮਲਦੀਪ ਸਿੰਘ ਸੈਣੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨੇ ਭਰ ਜਵਾਨੀ ਵਿੱਚ ਆਪਣੀ ਜ਼ਿੰਦਗੀ ਦੇਸ਼ ਨੂੰ ਸਮਰਪਿਤ ਕਰ ਦਿੱਤੀ, ਇਸ ਕਰ ਕੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਕੁਰਬਾਨੀ ਤੋਂ ਸਬਕ ਲੈ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਜਸਮੇਰ ਸਿੰਘ ਬਾਠ, ਸ਼ਾਮ ਸ਼ੁੰਦਰ, ਅਮਰੀਕ ਸਿੰਘ ਹੈਪੀ, ਡਾ. ਦਨਿੇਸ਼ ਜੋਸ਼ੀ ਤੋਂ ਇਲਾਵਾ ਹੋਰ ਪਤਵੰਤੇ ਹਾਸ਼ਰ ਸਨ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਯਮਨੀਕਾ ਓਪਨ ਥੀਏਟਰ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ 116ਵੀਂ ਜੈਯੰਤੀ ਮਨਾਈ ਗਈ।
ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦਤਾਤ੍ਰੇਅ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਪ੍ਰੋਗਰਾਮ ਸ਼ਹੀਦ ਭਗਤ ਸਿੰਘ ਜਾਗ੍ਰਿਤੀ ਮੰਚ ਵੱਲੋਂ ਕੀਤਾ ਗਿਆ। ਰਾਜਪਾਲ ਨੇ ਇਸ ਮੌਕੇ ਕਿਹਾ ਕਿ ਸ਼ਹੀਦ ਭਗਤ ਸਿੰਘ ਮਹਾਨ ਕ੍ਰਾਂਤੀਕਾਰੀ ਸਨ। ਸ਼ਹੀਦ ਭਗਤ ਸਿੰਘ ਨੇ ਹਿੰਦੁਸਤਾਨ ਰੀਪਬਲਿਕ ਐਸੋਸੀਏਸ਼ਨ ਅਤੇ ਨੌਜਵਾਨ ਸਭਾ ਦਾ ਗਠਨ ਕਰ ਕੇ ਦੇਸ਼ ਦੀ ਸੇਵਾ ਕੀਤੀ। ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁਲਭੂਸ਼ਣ ਗੋਇਲ, ਡੀਸੀ ਸੁਸ਼ੀਲ ਸਾਰਵਾਨ, ਡੀਸੀਪੀ ਮੁਕੇਸ਼ ਮਲਹੋਤਰਾ, ਐੱਸਡੀਐਮ ਮਮਤਾ ਸ਼ਰਮਾ, ਭਾਜਪਾ ਆਗੂ ਹਰਿੰਦਰ ਮਲਿਕ, ਕੌਂਸਲਰ ਸੋਨੀਆ ਸੂਦ, ਸ਼ਹੀਦ ਭਗਤ ਸਿੰਘ ਜਾਗ੍ਰਿਤੀ ਮੰਚ ਦੇ ਪ੍ਰਧਾਨ ਜਗਦੀਸ਼ ਭਗਤ ਸਿੰਘ ਆਦਿ ਸ਼ਾਮਲ ਸਨ। ਇਸੇ ਦੌਰਾਨ ਪਿੰਡ ਬਤੌੜ ਵਿੱਚ ਵੀ ਸ਼ਹੀਦ ਭਗਤ ਸਿੰਘ ਦਾ ਜਨਮ ਦਨਿ ਧੂਮਧਾਮ ਨਾਲ ਮਨਾਇਆ ਗਿਆ ਅਤੇ ਉਨ੍ਹਾਂ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਯੂਥ ਕਾਂਗਰਸ ਨੇ ਖੂਨਦਾਨ ਕੈਂਪ ਲਗਾਇਆ
ਰੂਪਨਗਰ (ਪੱਤਰ ਪ੍ਰੇਰਕ): ਇੱਥੇ ਅੱਜ ਤਰਨਜੀਤ ਭਸੀਨ ਭਵਨ ਰੂਪਨਗਰ ਵਿੱਚ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਨਿ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ। ਜ਼ਿਲ੍ਹਾ ਯੂਥ ਪ੍ਰਧਾਨ ਨਵਜੀਤ ਸਿੰਘ ਨਵੀ ਦੀ ਦੇਖਰੇਖ ਹੇ ਲਗਾਏ ਕੈਂਪ ਦਾ ਉਦਘਾਟਨ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਨੇ ਕੀਤਾ। ਕੈਂਪ ਦੌਰਾਨ ਰੋਟਰੀ ਬਲੱਡ ਬੈਂਕ ਚੰਡੀਗੜ੍ਹ ਤੋਂ ਡਾ. ਮਨੀਸ਼ ਰਾਏ ਦੀ ਅਗਵਾਈ ’ਚ ਆਈ ਟੀਮ ਵੱਲੋਂ 173 ਯੂਨਿਟ ਅਤੇ ਅਲਫਾ ਬਲੱਡ ਬੈਂਡ ਸੁਰਜੀਤ ਸੁਪਰਸਪੈਸ਼ਲਿਟੀ ਹਸਪਤਾਲ ਰੂਪਨਗਰ ਦੇ ਡਾ. ਸੁਰਿੰਦਰ ਦੀ ਟੀਮ ਵੱਲੋਂ 131 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਖੂਨਦਾਨ ਕਰ ਕੇ ਯੂਥ ਕਾਂਗਰਸੀਆਂ ਦੀ ਹੌਸਲਾਅਫ਼ਜ਼ਾਈ ਕੀਤੀ। ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਨ ਲਈ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਮੋਹਿਤ ਮਹਿੰਦਰ, ਇੰਚਾਰਜ ਅਜੈ ਚਿਕਾਰਾ, ਦੀਪਕ ਖੋਸਲਾ ਜਨਰਲ ਸਕੱਤਰ, ਅਮਨ ਸਲੈਚ ਸਕੱਤਰ, ਈਸ਼ਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਐੱਨਐੱਸਯੂਆਈ ਪੰਜਾਬ, ਸੰਜੈ ਵਰਮਾ ਪ੍ਰਧਾਨ ਨਗਰ ਕੌਂਸਲ ਰੂਪਨਗਰ, ਸੁਖਵਿੰਦਰ ਸਿੰਘ ਵਿਸਕੀ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਰੂਪਨਗਰ ਆਦਿ ਹਾਜ਼ਰ ਸਨ।